ਚੰਡੀਗੜ੍ਹ- ਚੋਣ ਕਮਿਸ਼ਨ ਨੇ ਬਠਿੰਡਾ ਸੰਸਦੀ ਸੀਟ ਦੇ ਘੇਰੇ ਵਿਚ ਆਉਣ ਵਾਲੇ ਪਿੰਡ ਲੇਲੇਵਾਲਾ ਵਿਚ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਵਿਚ ਦੇਰੀ ਕਰਨ ਦੇ ਮੁੱਦੇ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਨੂੰ ਜਵਾਬ ਤਲਬ ਕੀਤਾ ਸੀ। ਉਨ੍ਹਾਂ ਨੂੰ ਮੰਗਲਵਾਰ ਸ਼ਾਮ ਤਕ ਜਵਾਬ ਦੇਣ ਲਈ ਕਿਹਾ ਗਿਆ ਸੀ। ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿਧੂ ਨੇ ਦਸਿਆ ਕਿ ਦੋਵਾਂ ਦੇ ਜਵਾਬ ਆ ਗਏ ਹਨ ਅਤੇ ਉਨ੍ਹਾਂ ਦੇ ਜਵਾਬ ਬਿਨਾਂ ਕਿਸੇ ਟਿਪਣੀ ਦੇ ਚੋਣ ਅਯੋਗ ਨੂੰ ਭੇਜ ਦਿਤੇ ਗਏ ਹਨ। ਇਸ ਮੁੱਦੇ ਤੇ ਅਗਲਾ ਫੈਸਲਾ ਅਯੋਗ ਨੇ ਕਰਨਾ ਹੈ। ਜਿਕਰਯੋਗ ਹੈ ਕਿ ਲੇਲੇਵਾਲਾ ਪਿੰਡ ਵਿਚ ਬਾਦਲ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਦੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਤੇ ਚੋਣ ਜਾਬਤੇ ਦੀ ਉਲੰਘਣਾ ਕਰਕੇ ਬਠਿੰਡਾ ਵਿਚ ਘੁੰਮਣ ਅਤੇ ਪਿੰਡ ਵਿਚ ਫਾਇਰਿੰਗ ਕਰਨ ਦਾ ਅਰੋਪ ਸੀ। ਚੋਣ ਆਬਜਰਵਰ ਦੇ ਕਹਿਣ ਤੇ ਮੁੱਖ ਚੋਣ ਅਧਿਕਾਰੀ ਨੇ ਐਸਐਸਪੀ ਅਤੇ ਡੀਸੀ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁਕਿਆ।
ਡੀਸੀ ਨੇ ਆਪਣਾ ਬਚਾਅ ਕਰਦੇ ਹੋਏ ਗੋਲਮੋਲ ਜਵਾਬ ਦਿਤਾ ਹੈ ਕਿ ਉਨ੍ਹਾਂ ਨੇ ਸੂਚਨਾ ਮਿਲਦੇ ਹੀ ਐਸਐਸਪੀ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਸੀ। ਐਸਐਸਪੀ ਨੇ ਵੀ ਇਹੀ ਦਸਿਆ ਕਿ ਪੁਲਿਸ ਨੇ ਮਜੀਠੀਆ ਨੂੰ ਲਭਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਉਹ ਨਹੀਂ ਮਿਲੇ। ਐਸਐਸਪੀ ਨੇ ਵੀ ਜਵਾਬ ਘੁੰਮਾ ਫਿਰਾ ਕੇ ਹੀ ਦਿਤਾ। ਚੋਣ ਕਮਿਸ਼ਨ ਇਸ ਜਵਾਬ ਤੋਂ ਸੰਤੁਸ਼ਟ ਹੈ ਜਾਂ ਨਹੀਂ। ਇਹ ਫੈਸਲਾ ਅਯੋਗ ਨੇ ਹੀ ਕਰਨਾ ਹੈ। ਦੋਵਾਂ ਅਧਿਕਾਰੀਆਂ ਤੇ ਕਾਰਵਾਈ ਵੀ ਹੋ ਸਕਦੀ ਹੈ। ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਮੈਂਬਰ ਨਸੀਬ ਸਿੰਘ ਗਿੱਲ ਅਤੇ ਹੋਰ ਆਗੂਆਂ ਨੇ ਚੋਣ ਕਮਿਸ਼ਨ ਨੂੰ ਇਹ ਸਿ਼ਕਾਇਤ ਭੇਜੀ ਸੀ ਕਿ ਹਤਿਆ ਦਾ ਕੇਸ ਦਰਜ ਹੋਣ ਦੇ ਬਾਵਜੂਦ ਮਜੀਠੀਆ ਖੁਲ੍ਹੇਆਮ ਰੈਲੀਆਂ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਪ੍ਰਸ਼ਾਸਨ ਇਸ ਮਸਲੇ ਤੇ ਚੁੱਪ ਸੀ। ਜਿਸ ਕਰਕੇ ਚੋਣ ਪਰਕਿਰਿਆ ਪ੍ਰਭਾਵਿਤ ਹੋ ਸਕਦੀ ਸੀ।