ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਕਣਕ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸਾੜਨ ਦੀ ਬਜਾਏ ਇਸਦੇ ਕੁਦਰਤ ਪੱਖੀ ਨਿਪਟਾਰੇ ਲਈ ਸੂਬਾ ਸਰਕਾਰ ਵੱਲੋਂ ਲੋੜੀਂਦਿਆਂ ਆਧੁਨਿਕ ਮਸ਼ੀਨਾਂ ਤੇ ਮੰਗ ਅਨੁਸਾਰ ਕਿਸਾਨਾਂ ਨੂੰ ਸਬਸਿਡੀ ਉਪਲਬੱਧ ਕਰਵਾਈ ਜਾਵੇਗੀ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਜਸਕਿਰਨ ਸਿੰਘ ਆਈ.ਏ.ਐਸ. ਨੇ ਇੱਥੇ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਬਲਾਕ ਦੇ ਪ੍ਰਗਤੀਸ਼ੀਲ ਕਿਸਾਨਾਂ ਦੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਦਿੱਤੀ। ਨਾਬਾਰਡ ਦੇ ਸਹਿਯੋਗ ਨਾਲ ਗੈਰ ਸਰਕਾਰੀ ਸੰਸਥਾ ਜਵਾਲਾ ਬਾਈ ਨੱਥੂ ਰਾਮ ਅਹੁਜਾ ਟਰੱਸਟ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਪਰਾਲੀ ਸਾੜਨ ਦੀ ਬੁਰਾਈ ਤੋਂ ਮੁਕਤ ਕਰਨ ਲਈ ਆਰੰਭੇ ‘ਪਰਾਲੀ ਪ੍ਰਬੰਧਨ ਪ੍ਰੋਜੈਕਟ’ ਤਹਿਤ ਇਹ ਸੈਮੀਨਾਰ ਰੈਡ ਕ੍ਰਾਸ ਭਵਨ ਵਿਚ ਆਯੋਜਿਤ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਆਖਿਆ ਕਿ ਕਿਸਾਨ ਬੇਲਰ, ਹੈਪੀ ਸੀਡਰ ਵਰਗੀਆਂ ਆਧੁਨਿਕ ਮਸ਼ੀਨਾਂ ਸਬਸਿਡੀ ਤੇ ਲੈਣ ਲਈ ਰਾਜ ਸਰਕਾਰ ਦੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ਐਲਾਣ ਕੀਤਾ ਕਿ ਪਰਾਲੀ ਨਾ ਸਾੜ ਕੇ ਇਸ ਦੀਆਂ ਗੱਠਾਂ ਬਣਾ ਕੇ ਬਾਇਓਮਾਸ ਪਾਵਰ ਪਲਾਂਟਾਂ ਨੂੰ ਦੇਣ ਜਾਂ ਪਰਾਲੀ ਦਾ ਕੁਤਰਾ ਕਰਕੇ ਇਸ ਨੂੰ ਖੇਤ ਵਿਚ ਵਾਹ ਦੇਣ ਜਾਂ ਹੈਪੀ ਸੀਡਰ ਨਾਲ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਵਿਸੇ ਨਾਲ ਸਾਰੇ ਮਸਲਿਆਂ ਦੇ ਇੱਕੋ ਥਾਂ ਨਿਪਟਾਰੇ ਲਈ ਬਲਾਕ ਪੱਧਰ ਤੇ ਨੋਡਲ ਅਫ਼ਸਰ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਇਸ ਮੁਹਿੰਮ ਨੂੰ ਬਿਹਤਰ ਤਰੀਕੇ ਨਾਲ ਇਸਦੇ ਮੁਕਾਮ ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੋਵੇਗਾ ਜਿੱਥੇ ਪਰਾਲੀ ਸਾੜਨ ਦੀ ਬੁਰਾਈ ਨੂੰ ਖਤਮ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਹਾਜਰ ਕਿਸਾਨਾਂ ਨੂੰ ਸਹੁੰ ਚੁਕਾਈ ਕਿ ਉਹ ਅੱਗੇ ਤੋਂ ਪਰਾਲੀ ਨਹੀਂ ਸਾੜਨਗੇ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਪੱਖੀ ਅਤੇ ਘੱਟ ਖਰਚ ਵਾਲੀ ਖੇਤੀ ਅਪਨਾ ਕੇ ਤਰੱਕੀ ਕਰ ਸਕਦੇ ਹਨ। ਖੇਤੀਬਾੜੀ ਵਿਕਾਸ ਅਫ਼ਸਰ ਡਾ: ਜਸਵੀਰ ਸਿੰਘ ਅਤੇ ਸ: ਮੁਖਤਿਆਰ ਸਿੰਘ ਨੇ ਨਵੀਂਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਜਵਾਲਾ ਬਾਈ ਟਰੱਸਟ ਤੋਂ ਸ੍ਰੀ ਵਿਕਰਮ ਅਹੁਜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਬਜਾਏ ਇਸ ਨੂੰ ਖੇਤ ਵਿਚ ਵਹਾਈ ਕਰਨ ਨਾਲ ਜਾਂ ਗੱਠਾਂ ਬਣਾ ਕੇ ਵੇਚਨ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਚੋਖੀ ਆਮਦਨ ਹੋ ਸਕਦੀ ਹੈ। ਇਸ ਮੌਕੇ ਨਾਬਾਰਡ ਦੇ ਡੀਡੀਐਮ ਸ: ਬਲਜੀਤ ਸਿੰਘ ਨੇ ਨਾਬਾਰਡ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਭੌਂ ਵਿਗਿਆਨੀ ਡਾ: ਯਾਦਵਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜ਼ਮੀਨ ਦੇ ਅੰਦਰ ਪਾਏ ਜਾਂਦੇ ਕੁਦਰਤੀ ਤੱਤ ਨਸ਼ਟ ਹੋ ਜਾਂਦੇ ਹਨ ਜਿਸ ਕਾਰਨ ¦ਬੇ ਸਮੇਂ ਵਿਚ ਜ਼ਮੀਨਾਂ ਬੰਜਰ ਹੋ ਜਾਂਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਦੇ ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ ਅਤੇ ਗਿੱਦੜਬਾਹਾ ਦੇ ਐਸ.ਡੀ.ਐਮ. ਸ੍ਰੀ ਹਰਦੀਪ ਸਿੰਘ ਧਾਲੀਵਾਲ ਵੀ ਹਾਜਰ ਸਨ।