ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਜਥੇਦਾਰ ਸੰਤੋਖ ਸਿੰਘ ਅਤੇ ੳਨ੍ਹਾਂ ਦੇ ਪੁੱਤਰ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪੰਥ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਮਰਿਕਾ ਦੇ ਗੁਰਦੁਆਰਾ ਸਿੱਖ ਕਲਚਰ ਸੋਸਾਈਟੀ ਵੱਲੋਂ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਆਪਣੀ ਨਿਜੀ ਅਮਰੀਕਾ ਯਾਤਰਾ ਤੇ ਗਏ ਜੀ.ਕੇ. ਨੂੰ ਨਿਯੂਯਾਰਕ ਦੇ ਰਿਚਮੰਡ ਹਿੱਲ ਵਿਖੇ ਸਥਾਪਿਤ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਕੰਗ, ਹੈਡ ਗ੍ਰੰਥੀ ਗਿਆਨੀ ਭੂਪਿੰਦਰ ਸਿੰਘ ਅਤੇ ਚੇਅਰਮੈਨ ਮਨਮੋਹਨ ਸਿੰਘ ਖਟਰਾ ਵੱਲੋਂ ਸਾਂਝੇ ਤੌਰ ਤੇ ਸਿਰੋਪਾ, ਸ਼ਾਲ, ਕਿਰਪਾਨ ਅਤੇ ਗੋਲਡ ਮੈਡਲ ਦੇ ਕੇ ਨਿਵਾਜਿਆ ਗਿਆ।
ਇਸ ਮੌਕੇ ਜੀ.ਕੇ. ਨੇ ਆਪਣੇ ਪਿਤਾ ਦੀ ਤਰ੍ਹਾਂ ਸੰਸਾਰ ਭਰ ਵਿਚ ਵੱਸਦੇ ਸਿੱਖਾਂ ਦੀ ਪਰੇਸ਼ਾਨੀਆ ਨੂੰ ਹਲ ਕਰਨ ਦਾ ਅਹਿਦ ਲੈਂਦੇ ਹੋਏ ਦਿੱਲੀ ਦੇ ਗੁਰੂਧਾਮਾਂ ਦੇ ਵਿਸਤਾਰ ਅਤੇ ਪੰਥਕ ਵਿਦਿਅਕ ਅਦਾਰਿਆਂ ਦੀ ਸਥਾਪਨਾ ਲਈ ਜਥੇਦਾਰ ਸੰਤੋਖ ਸਿੰਘ ਵੱਲੋਂ ਪਾਏ ਗਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਆਪਣੇ ਪ੍ਰਧਾਨਗੀ ਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਮਾਜਿਕ ਭਲਾਈ ਅਤੇ ਵਿਦਿਅਕ ਸੁਧਾਰਾਂ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਸੰਸਾਰ ਭਰ ‘ਚ ਵਸਦੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਪਹਿਰਾ ਦੇਣ ਦਾ ਵੀ ਸੁਨੇਹਾ ਦਿੱਤਾ। ਨਿਯੂਯਾਰਕ ਦੀ ਸੰਗਤ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿੱਖਾਂ ਵੱਲੋਂ ਹਰ ਧਾਰਮਿਕ ਅਤੇ ਸਮਾਜਿਕ ਮੋਰਚੇ ਲਈ ਪੁਰਣ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਜੀ.ਕੇ. ਨੇ ਸੰਗਤਾਂ ਨੂੰ ਸਿੱਖ ਧਰਮ ਦੇ ਸਿਧਾਤਾਂ ਦਾ ਪ੍ਰਚਾਰ ਅਮਰੀਕੀਆਂ ਤਕ ਲਿਟਰੇਚਰ ਰਾਹੀਂ ਪਹੁੰਚਾਉਣ ਦੀ ਵੀ ਅਪੀਲ ਕੀਤੀ।
ਕਾਰ ਸੇਵਾ ਦੀ ਸ਼ੁਰੂਆਤ:- ਆਪਣੀ ਅਮਰੀਕਾ ਫੇਰੀ ਦੌਰਾਨ ਮਨਜੀਤ ਸਿੰਘ ਜੀ.ਕੇ. ਨੇ ਨਿਯੂਜਰਸੀ ਦੇ ਗੁਰਦੁਆਰਾ ਐਡਿਸ਼ਨ ਅਤੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਕਾਰਟ੍ਰੈਕ ਨਿਯੂਜਰਸੀ ‘ਚ ਹੋ ਰਹੇ ਸਮਾਗਮਾਂ ‘ਚ ਹਿੱਸਾ ਲੈਣ ਦੇ ਨਾਲ ਹੀ ਨਿਯੁੂਯਾਰਕ ਸਿਟੀ ਦੇ ਪਲੇਨ ਵਿਯੂ, ਲੋਂਗ ਆਈਲੈਂਡ ਵਿਖੇ ਗੁਰੂ ਗੋਬਿੰਦ ਸਿੰਘ ਸਿੱਖ ਸੈਂਟਰ ਗੁਰਦੁਆਰੇ ਦਾ ਨੀਂਹ ਪੱਥਰ ਪੰਜ ਪਿਆਰੇ ਸਾਹਿਬਾਨਾ ਦੀ ਮੌਜੂਦਗੀ ‘ਚ ਰੱਖਿਆ। ਇਸ ਮੌਕੇ ਮੌਜੂਦ ਸੈਂਕੜੇ ਸੰਗਤਾਂ ਨੂੰ ਸੰਭੋਧਨ ਕਰਦੇ ਹੋਏ ਜੀ.ਕੇ. ਨੇ ਜਿਥੇ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸੰਗਤਾਂ ਨੂੰ ਵਧਾਈ ਦਿੱਤੀ ਉਥੇ ਹੀ ਮੌਜੂਦ ਸਿੱਖ ਨੌਜਵਾਨਾਂ ਨੂੰ ਗੁਰੂ ਘਰ ਆਉਣ ਦੀ ਪ੍ਰੇਰਣਾ ਵੀ ਕੀਤੀ। ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਸਿਧਾਂਤ “ਘਰ-ਘਰ ਅੰਦਰ ਧਰਮਸਾਲ” ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਅੱਜ ਦੇ ਮੌਜੂਦਾ ਸਮੇਂ ਵਿਚ ਗੁਰਦੁਆਰਾ ਸਾਹਿਬ ਨੂੰ ਸਿੱਖੀ ਸਿਧਾਤਾਂ ਦੇ ਪ੍ਰਚਾਰ ਪ੍ਰਸਾਰ ਲਈ ਜਰੂਰੀ ਦੱਸਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ.ਕੇ. ਦੇ ਛੋਟੇ ਭਰਾਂ ਇੰਦਰਜੀਤ ਸਿੰਘ ਜੀ.ਕੇ., ਸਕੱਤਰ ਵਰਿੰਦਰਪਾਲ ਸਿੰਘ ਸਿੱਕਾ ਤੇ ਚੇਅਰਮੈਨ ਮਨਜੀਤ ਸਿੰਘ ਬਾਵਾ ਵੱਲੋਂ ਜੀ.ਕੇ. ਦਾ ਇਸ ਮੌਕੇ ਸਿਰੋਪੇ ਰਾਹੀਂ ਸਨਮਾਨ ਵੀ ਕੀਤਾ ਗਿਆ।