ਨਵੀਂ ਦਿੱਲੀ- ਪੰਦਰਵੀਂ ਲੋਕ ਸਭਾ ਦੇ ਉਮੀਦਵਾਰਾਂ ਦੀ ਕਿਸਮਤ ਇਸ ਸਮੇਂ ਬਕਸਿਆਂ ਵਿਚ ਬੰਦ ਪਈ ਹੈ। ਵੱਖ-ਵੱਖ ਟੀਵੀ ਚੈਨਲਾਂ ਵਲੋਂ ਕੀਤੇ ਗਏ ਸਰਵਿਆਂ ਦੇ ਆਧਾਰ ਤੇ ਅਜੇ ਤਕ ਯੂਪੀਏ ਦੇ ਹੱਕ ਵਿਚ ਜਿਆਦਾ ਸੀਟਾਂ ਆਉਂਦੀਆਂ ਵਿਖਾਈ ਦੇ ਰਹੀਆਂ ਹਨ। ਐਨਡੀਏ ਦੂਸਰੇ ਨੰਬਰ ਤੇ ਅਤੇ ਤੀਸਰਾ ਮੋਰਚਾ ਤੀਸਰੇ ਨੰਬਰ ਤੇ ਹੈ। ਵੈਸੇ ਤਾਂ ਐਕਜਿਟ ਪੋਲ ਅਤੇ ਅਸਲੀ ਨਤੀਜਿਆਂ ਵਿਚ ਕਾਫੀ ਫਰਕ ਹੁੰਦਾ ਹੈ।
ਨਿਊਜ਼ ਐਕਸ ਸਮਾਚਾਰ ਚੈਨਲ ਅਤੇ ਏਸੀ ਨੀਲਸਨ ਦੇ ਐਕਜਿਟ ਪੋਲ ਅਨੁਸਾਰ ਯੂਪੀਏ ਨੂੰ 199 ਸੀਟਾਂ ਮਿਲਣਗੀਆਂ, ਜਿਨ੍ਹਾਂ ਵਿਚ 155 ਕਾਂਗਰਸ ਦੀਆਂ ਹੋਣਗੀਆਂ। ਐਨਡੀਏ ਨੂੰ 191 ਸੀਟਾਂ ਮਿਲਣਗੀਆਂ, ਜਿਨ੍ਹਾਂ ਵਿਚ ਭਾਜਪਾ ਨੂੰ 153 ਸੀਟਾਂ ਮਿਲਣਗੀਆਂ।
ਹੈਡਲਾਈਨਜ਼ ਟੁਡੇ ਦੇ ਐਕਜਿਟ ਪੋਲ ਅਨੁਸਾਰ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ 191 ਸੀਟਾਂ ਅਤੇ ਐਨਡੀਏ ਨੂੰ 180 ਸੀਟਾਂ ਮਿਲਣ ਦਾ ਅਨੁਮਾਨ ਹੈ। ਵਾਮ ਮੋਰਚੇ ਦੀਆਂ ਸੀਟਾਂ ਪਿੱਛਲੀ ਵਾਰ ਨਾਲੋਂ ਘੱਟ ਕੇ 60 ਤੋਂ 38 ਰਹਿ ਜਾਣ ਦਾ ਅੰਦਾਜ਼ਾ ਹੈ।
ਇੰਡੀਆ ਟੀਵੀ ਅਨੁਸਾਰ ਯੂਪੀਏ ਨੂੰ 195 ਤੋਂ 227 ਸੀਟਾਂ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਇਸ ਵਿਚ ਰਜਦ, ਲੋਜਪਾ ਅਤੇ ਸਮਾਜਵਾਦੀ ਪਾਰਟੀ ਦੀਆਂ 32 ਸੀਟਾਂ ਸ਼ਾਮਿਲ ਹਨ। ਇਸ ਚੈਨਲ ਨੇ ਐਨਡੀਏ ਨੂੰ 189 ਸੀਟਾਂ ਤਕ ਪਹੁੰਚਦੇ ਵਿਖਾਇਆ ਹੈ।
ਯੂਟੀਵੀ-ਆਈ ਚੈਨਲ ਨੇ ਯੂਪੀਏ ਨੂੰ195 ਅਤੇ ਰਜਦ, ਲੋਜਪਾ ਅਤੇ ਸਪਾ ਨੂੰ ਮਿਲਾ ਕੇ 227 ਸੀਟਾਂ ਮਿਲਣ ਦਾ ਅਨੁਮਾਨ ਹੈ। ਐਨਡੀਏ ਨੂੰ 189 ਸੀਟਾਂ ਮਿਲਣ ਦੀ ਉਮੀਦ ਹੈ।
ਨਿਊਜ਼ 24 ਦੇ ਮੁਤਾਬਿਕ ਕਾਂਗਰਸ ਦੇ ਆਪਣੇ ਸਰਵੇਖਣ ਵਿਚ ਐਨਡੀਏ ਨੂੰ 194 ਸੀਟਾਂ ਅਤੇ ਆਪਣੇ ਆਪ ਨੂੰ 218 ਸੀਟਾਂ ਮਿਲਣ ਦੀ ਗੱਲ ਕੀਤੀ ਹੈ। ਦੂਸਰੇ ਪਾਸੇ ਭਾਜਪਾ ਨੇ ਆਪਣੇ ਸਰਵੇਖਣ ਵਿਚ ਯੂਪੀਏ ਨੂੰ 170 ਸੀਟਾਂ ਅਤੇ ਆਪਣੇ ਆਪ ਨੂੰ 215 ਸੀਟਾਂ ਮਿਲਣ ਦੀ ਉਮੀਦ ਜਤਾਈ ਹੈ।
ਚੌਥੇ ਮੋਰਚੇ ਨੂੰ ਪਿੱਛਲੀ ਵਾਰ 64 ਸੀਟਾਂ ਮਿਲੀਆਂ ਸਨ। ਇਸ ਵਾਰ ਸਾਰੇ ਐਕਜਿਟ ਪੋਲਾਂ ਵਿਚ ਉਨ੍ਹਾਂ ਦੀਆਂ ਸੀਟਾਂ ਘੱਟ ਕੇ ਅੱਧੀਆਂ ਰਹਿ ਜਾਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਨਿਊਜ਼ ਐਕਸ ਨੇ ਆਪਣੇ ਸਰਵੇ ਵਿਚ ਚੌਥੇ ਮੋਰਚੇ ਨੂੰ 36 ਸੀਟਾਂ ਦਿਤੀਆਂ ਹਨ। ਬਾਕੀ ਸਾਰੇ ਚੈਨਲਾਂ ਨੇ 32 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ। ਚੌਥੇ ਮੋਰਚੇ ਨੂੰ ਕਾਂਗਰਸ ਨੇ 30 ਅਤੇ ਭਾਜਪਾ ਨੇ 33 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ।
ਬਸਪਾ ਨੂੰ ਪਿੱਛਲੀ ਵਾਰ ਦੇ ਮੁਕਾਬਲੇ ਇਸ ਵਾਰ ਜਿਆਦਾ ਸੀਟਾਂ ਮਿਲਣ ਦੀ ਉਮੀਦ ਹੈ। ਪਿੱਛਲੀ ਵਾਰ ਬਸਪਾ ਨੂੰ 19 ਸੀਟਾਂ ਮਿਲੀਆਂ ਸਨ ਅਤੇ ਇਸ ਵਾਰ 28 ਸੀਟਾਂ ਮਿਲਣ ਦਾ ਅਨੁਮਾਨ ਹੈ।ਟਾਈਮਜ਼ ਆਫ ਇੰਡੀਆ ਅਨੁਸਾਰ ਚੌਥੇ ਮੋਰਚੇ ਨੂੰ 112 ਸੀਟਾਂ ਮਿਲਣ ਦੀ ਸੰਭਾਵਨਾ ਹੈ।
ਸਟਾਰ ਨਿਊਜ਼ ਨੇ ਏਸੀ ਨੈਲਸਨ ਦੇ ਐਕਜਿਟ ਪੋਲ ਦੇ ਅਧਾਰ ਤੇ ਯੂਪੀਏ ਨੂੰ 199 ਸੀਟਾਂ ਮਿਲਣਗੀਆਂ, ਜਿਨ੍ਹਾਂ ਵਿਚ 155 ਕਾਂਗਰਸ ਦੀਆਂ ਹੋਣਗੀਆਂ। ਐਨਡੀਏ ਨੂੰ 196 ਸੀਟਾਂ ਮਿਲਣਗੀਆਂ, ਜਿਨ੍ਹਾਂ ਵਿਚ ਭਾਜਪਾ ਨੂੰ 153 ਸੀਟਾਂ ਮਿਲ ਸਕਦੀਆਂ ਹਨ। ਅਸਲੀ ਸੀਟਾਂ ਦਾ ਪਤਾ ਤਾਂ 16 ਮਈ ਨੂੰ ਹੀ ਲਗੇਗਾ ਕਿ ਕਿਸ ਪਾਰਟੀ ਨੂੰ ਕੇਂਦਰ ਵਿਚ ਸਤਾ ਮਿਲਦੀ ਹੈ।