ਸ੍ਰੀਲੰਕਾ- ਤਮਿਲ ਟਾਈਗਰ ਵਿਦਰੋਹੀਆਂ ਅਤੇ ਸ੍ਰੀਲੰਕਾ ਦੀ ਸੈਨਾ ਵਿਚਕਾਰ ਹੋ ਰਹੇ ਯੁਧ ਵਿਚ ਆਮ ਲੋਕ ਬੁਰੀ ਤਰ੍ਹਾਂ ਫਸੇ ਹੋਏ ਹਨ। ਬੇਕਸੂਰ ਲੋਕ ਦੋਵਾਂ ਧਿਰਾਂ ਦੀ ਗੋਲੀਬਾਰੀ ਦਾ ਸਿ਼ਕਾਰ ਹੋ ਰਹੇ ਹਨ। ਸੈਨਾ ਦੇ ਇਕ ਉਚ ਅਧਿਕਾਰੀ ਵਲੋਂ ਇਹ ਖੁਲਾਸਾ ਕੀਤਾ ਗਿਆ ਕਿ ਆਮ ਲੋਕ ਲਿਟੇ ਵਿਦਰੋਹੀਆਂ ਦੀ ਗੋਲੀਬਾਰੀ ਦਾ ਸਾਹਮਣਾ ਕਰਦੇ ਹੋਏ ਦਲਦਲ ਵਾਲਾ ਹਿਸਾ ਪਾਰ ਕਰਕੇ ਫੌਜ ਦੇ ਕੰਟਰੋਲ ਵਾਲੇ ਇਲਾਕੇ ਵਿਚ ਪਹੁੰਚ ਗਏ ਹਨ। ਅਜੇ ਹੋਰ ਵੀ ਹਜ਼ਾਰਾਂ ਲੋਕ ਉਸ ਸੰਘਰਸ਼ ਵਾਲੇ ਖੇਤਰ ਵਿਚੋਂ ਭਜਣਾ ਚਾਹੁੰਦੇ ਹਨ।
ਸ੍ਰੀਲੰਕਾ ਦੀ ਸੈਨਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਲੋਕ ਜਦੋਂ ਆਪਣੀਆਂ ਜਾਨਾਂ ਬਚਾਉਣ ਲਈ ਸੁਰਖਿਅਤ ਥਾਂਵਾ ਵਲ ਭਜਦੇ ਹਨ ਤਾਂ ਲਿਟੇ ਦੇ ਲੜਾਕੇ ਉਨ੍ਹਾਂ ਤੇ ਗੋਲੀਬਾਰੀ ਕਰਦੇ ਹਨ। ਲਿਟੇ ਵਿਦਰੋਹੀਆਂ ਦੇ ਕੰਟਰੋਲ ਵਾਲੇ ਇਲਾਕੇ ਵਿਚ ਚਲ ਰਹੇ ਹਸਪਤਾਲ ਦੇ ਡਾਕਟਰ ਅਤੇ ਹੋਰ ਕਰਮਚਾਰੀ ਲਗਾਤਾਰ ਹੋ ਰਹੀ ਗੋਲੀਬਾਰੀ ਕਰਕੇ ਛੱਡ ਕੇ ਚਲੇ ਗਏ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਅਜੇ ਵੀ 50,000 ਲੋਕ ਉਸ ਖਤਰੇ ਵਾਲੇ ਇਲਾਕੇ ਵਿਚ ਫਸੇ ਹੋਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਵਲੋਂ ਕੀਤੀ ਗਈ ਅਪੀਲ ਨੂੰ ਸ੍ਰੀਲੰਕਾ ਸਰਕਾਰ ਨੇ ਠੁਕਰਾ ਦਿਤਾ ਹੈ ਤੇ ਲਿੱਟੇ ਵਿਰੁਧ ਆਪਣੀ ਕਾਰਵਾਈ ਜਾਰੀ ਰੱਖਣ ਦੀ ਗੱਲ ਕੀਤੀ ਹੈ। ਇਥੇ ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ੍ਰੀਲੰਕਾ ਸਰਕਾਰ ਨੂੰ ਇਹ ਅਪੀਲ ਕੀਤੀ ਸੀ ਕਿ ਸੈਨਾ ਉਥੇ ਗੋਲਾਬਾਰੀ ਬੰਦ ਕਰੇ ਅਤੇ ਸੰਯੁਕਤ ਰਾਸ਼ਟਰ ਦੀਆਂ ਟੀਮਾਂ ਨੂੰ ਸੰਘਰਸ਼ ਵਾਲੇ ਇਲਾਕਿਆਂ ਵਿਚ ਰਾਹਤ ਪਹੁੰਚਾਉਣ ਲਈ ਜਾਣ ਦੀ ਇਜ਼ਾਜਤ ਦੇਵੇ। ਓਬਾਮਾ ਨੇ ਇਹ ਵੀ ਕਹਾ ਸੀ ਕਿ ਤਮਿਲ ਵਿਦਰੋਹੀਆਂ ਨੂੰ ਹੱਥਿਆਰ ਸੁੱਟ ਦੇਣੇ ਚਾਹੀਦੇ ਹਨ ਅਤੇ ਆਮ ਨਾਗਰਿਕਾਂ ਨੂੰ ਢਾਲ ਦੇ ਰੂਪ ਵਿਚ ਨਹੀਂ ਵਰਤਣਾ ਚਾਹੀਦਾ। ਸ੍ਰੀਲੰਕਾ ਦੇ ਵਿਦੇਸ਼ ਸਕੱਤਰ ਨੇ ਇਸ ਬਿਆਨ ਦੇ ਸਬੰਧ ਵਿਚ ਕਿਹਾ ਸੀ ਕਿ ਸੈਨਾ ਦੀ ਕਾਰਵਾਈ ਰੋਕ ਦੇਣ ਨਾਲ ਐਲਟੀਟੀਆਈ ਨੂੰ ਦੁਬਾਰਾ ਤਾਕਤ ਇਕਠਾ ਕਰਨ ਦਾ ਮੌਕਾ ਮਿਲ ਜਾਵੇਗਾ ਅਤੇ ਇਸ ਲੜ੍ਹਾਈ ਨੂੰ ਅਗਲੇ 25 ਸਾਲ ਤਕ ਜਾਰੀ ਰੱਖਣਾ ਪਵੇਗਾ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੰਘਰਸ਼ਸ਼ੀਲ ਇਲਾਕੇ ਵਿਚ ਫਸੇ ਲੋਕਾਂ ਦੀ ਸੁਰੱਖਿਆ ਅਤੇ ਹੋਰ ਡੂੰਘੇ ਹੋ ਰਹੇ ਮਾਨਵ ਸੰਕਟ ਤੇ ਚਿੰਤਾ ਜਾਹਿਰ ਕੀਤੀ ਸੀ। ਉਨ੍ਹਾਂ ਨੇ ਲਿਟੇ ਨੂੰ ਵੀ ਹੱਥਿਆਰ ਸੁੱਟਣ ਲਈ ਅਪੀਲ ਕੀਤੀ ਸੀ ਤਾਂ ਕਿ ਹਜ਼ਾਰਾਂ ਲੋਕ ਜੋ ਇਸ ਯੁਧ ਖੇਤਰ ਵਿਚ ਫਸੇ ਹੋਏ ਹਨ, ਉਨ੍ਹਾਂ ਨੂੰ ਬਾਹਰ ਕਢਿਆ ਜਾਵੇ। ਸੰਯੁਕਤ ਰਾਸ਼ਟਰ ਨੇ ਸੈਨਾ ਵਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਦੀ ਵੀ ਨਿੰਦਿਆ ਕੀਤੀ ਸੀ।