ਅੰਮ੍ਰਿਤਸਰ - ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਵੱਲੋਂ ਰੁੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੋੜੀਂਦੇ ਪ੍ਰਬੰਧ ਨਾ ਕਰਨ ਸਬੰਧੀ ਲਗਾਈ ਖਬਰ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ.ਦਲਮੇਘ ਸਿੰਘ ਸਕੱਤਰ ਤੇ ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਸ਼-ਵਿਦੇਸ਼ ’ਚ ਬੱਚਿਆਂ ਨੂੰ ਸਕੂਲਾਂ ’ਚ ਛੁੱਟੀਆਂ ਪੈਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਰੋਜਾਨਾ 1 ਲੱਖ ਤੋਂ ਵੀ ਵੱਧ ਹੈ। ਇਕੱਲੇ-ਇਕੱਲੇ ਵਿਅਕਤੀ ਲਈ ਕਮਰਿਆਂ ਦਾ ਪ੍ਰਬੰਧ ਮੁਨਾਸਿਬ ਨਹੀਂ ਫਿਰ ਵੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਜਿਹੜੇ ਯਾਤਰੂਆਂ ਨੂੰ ਕਮਰੇ ਨਹੀਂ ਮਿਲੇ ਉਨ੍ਹਾਂ ਲਈ ਰਿਹਾਇਸ਼ ਦਾ ਯੋਗ ਪ੍ਰਬੰਧ ਹੋਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਕੰਨਿਆ ਸਕੂਲ ਤੇ ਸ੍ਰੀ ਗੁਰੂ ਰਾਮਦਾਸ ਸਕੂਲ ਦੇ ਹਾਲਾਂ ’ਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ ਇਸ਼ਨਾਨ ਆਦਿ ਲਈ ਵੀ ਯੋਗ ਪ੍ਰਬੰਧ ਕੀਤੇ ਗਏ ਹਨ ਤੇ ਗਰਮੀ ਤੋਂ ਬਚਾਅ ਲਈ ਪਾਣੀ ਵਾਲੇ ਪੱਖੇ ਮੁਹੱਈਆ ਕੀਤੇ ਗਏ ਹਨ। ਦੋਹਾਂ ਸਕੱਤਰਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਯਾਤਰੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣ ਦੀ ਲੋੜ ਹੈ। ਬਹੁਤ ਸਾਰੀ ਸੰਗਤ ਗੁਰੂ ਦਰ ਤੇ ਹਾਜ਼ਰੀ ਕਮਰਿਆਂ ਤੋਂ ਬਗੈਰ ਵੀ ਭਰਦੀ ਹੈ।
ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਥੋੜ੍ਹੀ ਦੂਰ ਭਾਈ ਗੁਰਦਾਸ ਹਾਲ ਤੇ ਸਕੂਲਾਂ ’ਚ ਠਹਿਰਨ ਵਾਲੀ ਸੰਗਤ ਲਈ ਸਵੇਰੇ ਚਾਹ ਦੇ ਪ੍ਰਬੰਧ ਤੋਂ ਇਲਾਵਾ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ। ਇਸੇ ਤਰ੍ਹਾਂ ਯਾਤਰੂਆਂ ਦੀ ਸਹੂਲਤ ਲਈ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਗੁਰੂ ਰਾਮਦਾਸ ਸਰਾਂ ’ਚ 7 ਏ.ਸੀ. ਨਵੇਂ ਲਗਾ ਦਿੱਤੇ ਗਏ ਹਨ। ਮਾਤਾ ਗੰਗਾ ਜੀ ਨਿਵਾਸ ਦੇ ਸਾਰੇ ਦੇ ਸਾਰੇ 103 ਕਮਰਿਆਂ ਨੂੰ ਹੀ ਏ.ਸੀ. ਕਰ ਦਿੱਤਾ ਗਿਆ ਹੈ। ਬਾਬਾ ਦੀਪ ਸਿੰਘ ਜੀ ਨਿਵਾਸ ’ਚ ਪਹਿਲਾਂ 7 ਏ.ਸੀ. ਲੱਗੇ ਸਨ, ਪ੍ਰੰਤੂ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਸੰਗਤਾਂ ਲਈ ਹਾਲਾਂ ਵਿੱਚ 10 ਹੋਰ ਨਵੇਂ ਏ.ਸੀ. ਲਗਾ ਦਿੱਤੇ ਗਏ ਹਨ। ਇਸੇ ਤਰ੍ਹਾਂ ਮਾਤਾ ਭਾਗ ਕੌਰ ਨਿਵਾਸ ਸਾਰੀ ਸਰਾਂ ਏ.ਸੀ. ਕੀਤੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਨਾਲ ਦੀਆਂ ਇਮਾਰਤਾਂ ਦੀ ਸੇਵਾ ਕਰਵਾ ਰਹੇ ਬਾਬਿਆਂ ਪਾਸ ਵੀ ਜਿਹੜੇ ਕਮਰੇ ਸਨ ਲੋੜ ਅਨੁਸਾਰ ਇੱਕ ਜਾਂ ਦੋ-ਦੋ ਕਮਰੇ ਛੱਡ ਕੇ ਬਾਕੀ ਸਾਰੇ ਕਮਰੇ ਖਾਲੀ ਕਰਵਾ ਲਏ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਘੰਟਾਘਰ ਵਾਲੇ ਪਾਸੇ ਜੋੜਾਘਰ ਤੋਂ ਚਰਨ-ਗੰਗਾ ਤੀਕ ਫੁਹਾਰੇ ਵਾਲੇ ਪੱਖਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਨਾਲ ਹੀ ਟਾਟਾਂ ਤੇ ਪਾਣੀ ਦਾ ਛਿੜਕਾ ਕਰਕੇ ਗਰਮੀ ਤੋਂ ਰਾਹਤ ਲਈ ਪ੍ਰਬੰਧ ਕੀਤੇ ਗਏ ਹਨ, ਸਰਾਂ ਗੁਰੂ ਰਾਮਦਾਸ ਤੋਂ ਬਾਬਾ ਅਟੱਲ ਰਾਏ ਜੀ ਤੀਕ ਵੀ ਸ਼ਮਿਆਨਾ ਲਗਾਇਆ ਗਿਆ ਹੈ। ਜੋੜਾਘਰ ਸਰਾਂ ਗੁਰੂ ਰਾਮਦਾਸ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਨੂੰ ਜਾਂਦੇ ਰਸਤੇ ਦੀ ਚਰਨ-ਗੰਗਾ ਤੀਕ ਵੀ ਗਰਮੀ ਤੋਂ ਬਚਣ ਲਈ ਸ਼ਮਿਆਨਾ ਲਗਾ ਦਿੱਤਾ ਗਿਆ ਹੈ। ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਵੱਡੀ ਪੱਧਰ ਤੇ ਯਾਤਰੂ ਅਰਾਮ ਕਰਦੇ ਹਨ, ਇਥੇ ਵੱਡੀ ਮਾਤਰਾ ਵਿੱਚ ਪੱਖੇ ਲੱਗੇ ਹੋਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਵੀ ਸੰਗਤਾਂ ਦੀ ਸਹੂਲਤ ਲਈ ਸ਼ਮਿਆਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਫਿਰ ਦੁਹਰਾਇਆ ਕਿ ਬੇਸ਼ੱਕ ਗਰਮੀ ਜ਼ਿਆਦਾ ਪੈ ਰਹੀ ਹੈ ਪ੍ਰੰਤੂ ਫਿਰ ਵੀ ਸ਼੍ਰੋਮਣੀ ਕਮੇਟੀ ਗਰਮੀ ਤੋਂ ਰਾਹਤ ਦੇਣ ਲਈ ਸੰਗਤਾਂ ਵਾਸਤੇ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਨਿਵਾਸ, ਸ੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਵਿਸ਼ੇਸ਼ ਠੰਡੇ ਜਲ ਦਾ ਪ੍ਰਬੰਧ ਕੀਤਾ ਗਿਆ ਹੈ। ਸੰਗਤਾਂ ਦੀ ਜਾਣਕਾਰੀ ਲਈ ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤਾਂ ਪਾਸੋਂ ਕਿਰਾਇਆ ਕੇਵਲ ਲਾਗਤ ਮਾਤਰ ਹੀ ਵਸੂਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿੱਚ ਕੋਈ ਅੱਠ ਛਬੀਲਾਂ ਦਾ ਲਗਾਈਆਂ ਗਈਆਂ ਹਨ, ਬਿਲਕੁਲ ਸਸਤੇ ਭਾਅ ਦੋ ਕੰਪਨੀਆਂ ਵੱਲੋਂ ਕੋਲਡ ਡਰਿੰਕ ਦੇ ਕਾਊਂਟਰ ਖੋਲ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਆਦੇਸ਼ਾਂ ਅਨੁਸਾਰ ਇਹਨਾਂ ਪ੍ਰਬੰਧਾਂ ਨਾਲ ਯਾਤਰੂਆਂ/ਸ਼ਰਧਾਲੂਆਂ ਨੂੰ ਵਿਸ਼ੇਸ਼ ਰਾਹਤ ਮਿਲੇਗੀ।