ਦਰਾਮਨ,(ਰੁਪਿੰਦਰ ਢਿੱਲੋ ਮੋਗਾ) – ਜਿੱਥੇ ਕਿ ਫਰਾਂਸ ਵਰਗੇ ਮੁੱਲਕ ਚ ਪਗੜੀ ਮਸਲੇ ਕਰਕੇ ਸਿੱਖਾਂ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਯੌਰਪ ਦੇ ਹੀ ਮੁੱਲਕ ਨਾਰਵੇ ਜੋ ਕਿ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇੱਥੇ ਇਨਸਾਨ ਦੀ ਬਰਾਬਰਤਾ ਬਿਨਾਂ ਕਿੱਸੇ ਰੰਗ ਭੇਦ ਸਤਿਕਾਰਯੋਗ ਅਤੇ ਇਨਸਾਨੀ ਕਦਰਾਂ ਨੂੰ ਉੱਚ ਮੰਨਿਆ ਜਾਂਦਾ ਹੈ ਤੇ ਇਹੀ ਵਜਾ ਹੈ ਕਿ ਅੱਜ ਨਾਰਵੇ ‘ਚ ਦਸਤਾਰਧਾਰੀ ਵੀਰ ਤਕਰੀਬਨ ਤਕਰੀਬਨ ਹਰ ਮਹਿਕਮੇ ‘ਚ ਹਨ। ਚਾਹੇ ਉਹ ਫੌਜ ਦੀ ਸਰਵਿਸ ਹੋਵੇ, ਡਾਕਟਰੀ ਲਾਈਨ ,ਮੈਡੀਕਲ ਸਰਵਿਸ ਜਾਂ ਇੰਜੀਨੀਅਰਿੰਗ,ਪੋਸਟ ਦਾ ਕੰਮ ਹੋਵੇ ਜਾਂ ਵਕੀਲ,ਰੇਲ ਚ ਟਿੱਕਟ ਚੈਕਰ ਹੋਣ ਜਾਂ ਫਿਰ ਬੱਸ ਜਾਂ ਟੈਕਸੀ ਚਾਲਕ ਸਿੱਖ ਦਸਤਾਰਧਾਰੀ ਸੱਜਣ ਨਜ਼ਰ ਆਉਣਗੇ। ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 45 ਕਿ ਮੀ ਦੂਰ ਵੱਸੇ ਸ਼ਹਿਰ ਦਰਾਮਨ ਵਿਖੇ ਦਰਾਮਨ ਟੈਕਸੀ ਵੱਲੋਂ ਆਪਣਾ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਟੈਕਸੀ ਦਰਾਮਨ ਦੇ ਪ੍ਰਬੰਧਕਾਂ ਵੱਲੋਂ ਸ਼ਹਿਰ ਚ ਪਾਰਟੀ ਅਤੇ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਸੌ ਸਾਲਾ ਸਥਾਪਨਾ ਦਿਵਸ ਨੂੰ ਸ਼ਾਨਦਾਰ ਢੰਗ ਚ ਮਨਾਉਣ ਅਤੇ ਸਫਲ ਬਣਾਉਣ ਲਈ ਸਿੱਖ ਚਾਲਕਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ।