ਚੰਡੀਗੜ੍ਹ – “ਇਰਾਕ ਵਿਚ ਦੋ ਮੁਸਲਿਮ ਫਿਰਕਿਆ ਸੀਆ ਅਤੇ ਸੁੰਨੀ ਵਿਚਕਾਰ ਚੱਲ ਰਹੇ ਗ੍ਰਹਿ ਯੁੱਧ ਦੇ ਕਾਰਨ ਜੋ ਗੰਭੀਰ ਸਥਿਤੀ ਬਣ ਚੁੱਕੀ ਹੈ ਅਤੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦਾ ਵਿਚਾਰ ਪ੍ਰਗਟਾਉਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਮੁੱਖ ਦਫ਼ਤਰ ਤੋਂ ਆਪਣੇ ਦਸਤਖ਼ਤਾ ਹੇਠ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਕਿ ਉਥੋ ਦੀ ਇਕ ਕੰਪਨੀ ਵਿਚ ਕੰਮ ਕਰ ਰਹੇ 40 ਪੰਜਾਬੀ ਸਿੱਖ ਨੌਜ਼ਵਾਨ, ਜੋ ਆਪਣੇ ਘਰਵਾਰ ਪਰਿਵਾਰਾਂ ਤੋ ਦੂਰ ਮਿਹਨਤ ਮੁਸੱਕਤ ਕਰਨ ਲਈ ਗਏ ਹੋਏ ਹਨ, ਉਹਨਾਂ ਦੇ ਉਥੇ ਫੱਸ ਜਾਣ ਕਾਰਨ ਇਹ 40 ਜਾਨਾਂ ਡੂੰਘੇ ਸੰਕਟ ਵਿਚ ਹਨ ਅਤੇ ਇੱਧਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਉਤੇ ਕੀ ਗੁਜਰ ਰਹੀ ਹੈ, ਉਸ ਨੂੰ ਹਰ ਇਨਸਾਨ ਮਹਿਸੂਸ ਕਰ ਸਕਦਾ ਹੈ । ਉਹਨਾਂ ਕਿਹਾ ਕਿ ਸਿੱਖ ਕੌਮ ਦੀ ਇਸਲਾਮ ਜਾਂ ਮੁਸਲਿਮ ਕੌਮ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਰਤੀਭਰ ਵੀ ਝਗੜਾ ਨਹੀਂ ਹੈ। ਇਸ ਲਈ ਉਥੋ ਦੀ ਬਾਗੀ ਜਥੇਬੰਦੀ ਆਈ.ਐਸ.ਆਈ.ਐਸ. (ਇਸਲਾਮਿਕ ਸਟੇਟ ਇੰਨ ਇਰਾਕ ਐਂਡ ਅਲ-ਸ਼ਾਮ) ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਇਹ ਅਤਿ ਸੰਜ਼ੀਦਾਂ ਅਤੇ ਮਨੁੱਖੀ ਕਦਰਾ-ਕੀਮਤਾ ਤੇ ਬਿਨ੍ਹਾਂ ਤੇ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਗ੍ਰਹਿ ਯੁੱਧ ਵਿਚ ਘਿਰ ਚੁੱਕੇ ਬੇਕਸੂਰ ਪੰਜਾਬੀ ਸਿੱਖ ਨੌਜ਼ਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਉਦਮ ਕਰੇ ਤਾਂ ਕਿ ਕੌਮਾਂਤਰੀ ਪੱਧਰ ਉਤੇ ਜਿਥੇ ਵੀ ਮੁਸਲਿਮ ਕੌਮ ਜਾਂ ਸਿੱਖ ਕੌਮ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪੋ-ਆਪਣੀਆਂ ਆਜ਼ਾਦੀ ਲਈ ਜੱਦੋ-ਜ਼ਹਿਦ ਕਰ ਰਹੀਆਂ ਹਨ, ਉਹਨਾਂ ਦੇ ਇਖਲਾਕ ਅਤੇ ਮਿਸਨ ਪ੍ਰਤੀ ਕੌਮਾਂਤਰੀ ਪੱਧਰ ਉਤੇ ਕੋਈ ਵੀ ਗਲਤ ਪ੍ਰਭਾਵ ਨਾ ਜਾਵੇ ਅਤੇ ਮਨੁੱਖੀ, ਇਨਸਾਨੀ ਕਦਰਾ-ਕੀਮਤਾ ਨੂੰ ਜੱਦੋ-ਜ਼ਹਿਦ ਕਰਦੇ ਹੋਏ ਵੀ ਕਾਇਮ ਰੱਖਿਆ ਜਾਵੇ ।”
ਉਹਨਾਂ ਕਿਹਾ ਕਿ ਭਾਵੇ ਬਾਹਰਲੇ ਕਈ ਮੁਸਲਿਮ ਅਤੇ ਹੋਰ ਮੁਲਕਾਂ ਵਿਚ ਕਈ ਕੌਮਾਂ ਦੀ ਆਪੋ-ਆਪਣੀ ਖੁਦ ਮੁਖਤਾਰੀ ਕਰਨ ਲਈ ਜਾਂ ਆਜ਼ਾਦ ਹੋਣ ਲਈ ਲੜਾਈ ਚੱਲ ਰਹੀ ਹੈ, ਇਸੇ ਤਰ੍ਹਾਂ ਸਿੱਖ ਕੌਮ ਵੀ ਹਿੰਦੂਤਵ ਗੁਲਾਮੀਅਤ ਤੋਂ ਆਜ਼ਾਦ ਹੋਣ ਲਈ ਆਪਣੇ ਕੌਮੀ ਸੰਘਰਸ਼ ਨੂੰ ਜਾਰੀ ਰੱਖ ਰਹੀ ਹੈ । ਪਰ ਅਜਿਹਾ ਕਰਦੇ ਸਮੇਂ ਕਿਸੇ ਵੀ ਬੇਗੁਨਾਹ ਜਾਂ ਬੇਕਸੂਰ ਮਨੁੱਖੀ ਜਾਨ ਦਾ ਨੁਕਸਾਨ ਨਾ ਹੋਵੇ, ਉਸਦੀ ਆਤਮਾਂ ਅਤੇ ਮਨ ਨੂੰ ਠੇਸ ਨਾ ਪਹੁੰਚੇ, ਇਸ ਗੱਲ ਦਾ ਖਿਆਲ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਹਰ ਕੀਮਤ ਤੇ ਰੱਖਣਾ ਪਵੇਗਾ । ਕਿਉਂਕਿ ਨਾ ਤਾਂ ਇਸਲਾਮ, ਨਾ ਹੀ ਸਿੱਖ ਧਰਮ ਅਤੇ ਨਾ ਹੀ ਕੋਈ ਹੋਰ ਧਰਮ ਕਿਸੇ ਬੇਗੁਨਾਹ ਨੂੰ ਜਾਨੋ ਮਾਰ ਦੇਣ ਦੀ ਇਜ਼ਾਜਤ ਦਿੰਦਾ ਹੈ । ਇਸ ਲਈ ਆਈ.ਐਸ.ਆਈ.ਐਸ ਪਹਿਲ ਦੇ ਅਧਾਰ ਤੇ ਇਰਾਕ ਦੇ ਗ੍ਰਹਿ ਯੁੱਧ ਵਿਚ ਘਿਰੇ 40 ਸਿੱਖ ਨੌਜ਼ਵਾਨ ਜਾਂ ਹੋਰ ਭਾਰਤੀਆਂ ਨੂੰ ਜਾਂ ਹੋਰ ਮੁਲਕਾਂ ਦੇ ਉਥੇ ਰਹਿ ਰਹੇ ਨਿਵਾਸੀਆਂ ਨੂੰ ਹਰ ਪੱਖੋ ਸੁਰੱਖਿਅਤ ਕਰਕੇ, ਉਹਨਾਂ ਦੇ ਆਪੋ-ਆਪਣੇ ਮੁਲਕਾਂ ਜਾਂ ਉਹਨਾਂ ਦੇ ਪਰਿਵਾਰਾਂ ਵਿਚ ਪਹੁੰਚਣ ਦੇ ਇਖ਼ਲਾਕੀ ਫਰਜਾਂ ਨੂੰ ਪੂਰਨ ਕਰੇ ।
ਸ. ਮਾਨ ਨੇ ਇਸ ਗੱਲ ਉਤੇ ਗਹਿਰਾ ਦੁੱਖ ਅਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਿੰਦ ਦੀ ਹਿੰਦੂਤਵ ਮੋਦੀ ਹਕੂਮਤ ਅਤੇ ਉਸਦੀ ਵਿਦੇਸ਼ ਵਜ਼ੀਰ ਬੀਬੀ ਸੁਸਮਾ ਸਿਵਰਾਜ ਵੱਲੋ ਇਰਾਕ ਵਿਚ ਫੱਸ ਚੁੱਕੇ 40 ਸਿੱਖ ਨੌਜ਼ਵਾਨਾਂ ਨੂੰ ਸੁਰੱਖਿਅਤ ਵਾਪਿਸ ਮੰਗਵਾਉਣ ਲਈ ਅਜੇ ਤੱਕ ਕੋਈ ਵੀ ਸੰਜ਼ੀਦਾਂ ਉਦਮ ਨਹੀਂ ਕੀਤਾ ਗਿਆ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਸੈਟਰ ਵਿਚ ਵਜ਼ੀਰ ਬਣੀ ਉਹਨਾਂ ਦੀ ਨੂੰਹ ਕੇਵਲ ਬਿਆਨਾਂ ਤੱਕ ਸੀਮਤ ਹਨ । ਉਪਰੋਕਤ ਨੌਜ਼ਵਾਨਾਂ ਦੀ ਜਾਨ ਬਚਾਉਣ ਲਈ ਇਰਾਕ ਹਕੂਮਤ ਨਾਲ ਸੰਪਰਕ ਬਣਾਉਣ ਵਿਚ ਅਸਫ਼ਲ ਹੋਈਆ ਹਨ । ਉਹਨਾਂ ਮੰਗ ਕੀਤੀ ਕਿ ਫੌਰੀ ਤੌਰ ਤੇ ਇਰਾਕ ਹਕੂਮਤ ਨਾਲ ਹਿੰਦ ਹਕੂਮਤ ਸੰਪਰਕ ਬਣਾਕੇ ਇਕ ਵਿਸ਼ੇਸ਼ ਚਾਰਟਡ ਜਹਾਜ ਦਾ ਪ੍ਰਬੰਧ ਕਰਕੇ ਇਹਨਾਂ 40 ਪੰਜਾਬੀ ਸਿੱਖ ਨੌਜ਼ਵਾਨਾਂ ਨੂੰ ਇਥੇ ਵਾਪਿਸ ਲਿਆਉਣ ਦੀ ਆਪਣੀ ਜਿੰਮੇਵਾਰੀ ਨੂੰ ਪੂਰਨ ਕਰੇ ਨਾ ਕਿ ਇਸ ਅਤਿ ਸੰਜ਼ੀਦਾਂ ਮੁੱਦੇ ਉਤੇ ਆਪਣੀ ਸਿਆਸਤ ਦੀ ਖੇਡ-ਖੇਡਣ ਦੀ ਸਾਤੁਰ ਗੱਲ ਕਰੇ । ਉਹਨਾਂ ਇਸ ਗੱਲ ਤੇ ਵੀ ਦੁੱਖ ਪ੍ਰਗਟ ਕੀਤਾ ਕਿ ਸ. ਬਾਦਲ ਨੇ ਜਦੋਂ ਆਪਣੇ ਪਰਿਵਾਰਿਕ ਮੈਂਬਰ ਨੂੰ ਵਜ਼ੀਰ ਬਣਾਉਣਾ ਹੋਵੇ ਤਾਂ ਉਹ ਹਫਤਾਬੰਦੀ ਦਿੱਲੀ ਮੋਦੀ ਦੇ ਘਰ ਦੀਆਂ ਅਤੇ ਦਫ਼ਤਰ ਦੀਆਂ ਪੌੜੀਆਂ ਦੀ ਖਾਕ ਤਾ ਛਾਣ ਸਕਦੇ ਹਨ ਲੇਕਿਨ ਜਦੋ 40 ਸਿੱਖ ਨੌਜ਼ਵਾਨਾਂ ਦੀਆਂ ਜਿੰਦਗਾਨੀਆਂ ਦਾ ਗੰਭੀਰ ਮੁੱਦਾ ਸਾਹਮਣੇ ਹੈ, ਉਸ ਸਮੇਂ ਚੰਡੀਗੜ੍ਹ ਬੈਠਕੇ ਬਿਆਨ ਦਾਗਣ ਦੇ ਨਾਟਕ ਕਰ ਰਹੇ ਹਨ ।