ਨਵੀ ਦਿੱਲੀ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਮੁਲਤਵੀ ਹੋਣ ਦੇ ਬਾਵਜੂਦ ਵੀ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਆਪਣੇ ਪੱਧਰ ਤੇ ਮੀਟਿੰਗ ਕਰਨ ਨੂੰ ਹਾਸੋਹੀਣਾ ਤੇ ਗੈਰ ਕਨੂੰਨੀ ਕਰਾਰ ਦਿੰਦਿਆ ਕਿਹਾ ਕਿ ਮੱਕੜ ਵੱਲੋ ਲੈ ਗਏ ਫੈਸਲੇ ਕਿਸੇ ਵੀ ਰੂਪ ਵਿੱਚ ਪ੍ਰਵਾਨ ਨਹੀ ਕੀਤੇ ਜਾ ਸਕਦੇ ਕਿਉਕਿ ਮੀਟਿੰਗ ਪਹਿਲਾਂ ਹੀ ਰੱਦ ਕਰ ਦਿੱਤੀ ਗਈ ਸੀ ਅਤੇ ਮੀਟਿੰਗ ਦੀ ਪ੍ਰਧਾਨਗੀ ਕਰਨ ਦਾ ਅਧਿਕਾਰ ਕੇਵਲ ਪ੍ਰਧਾਨ ਜਾਂ ਉਸ ਦੀ ਗੈਰ ਹਾਜਰੀ ਵਿੱਚ ਮੀਤ ਪ੍ਰਧਾਨ ਨੂੰ ਹੀ ਹੁੰਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਵਤਾਰ ਸਿੰਘ ਮੱਕੜ ਪਿਛਲੇ ਕਰੀਬ ਅੱਠ ਨੌ ਸਾਲਾ ਤੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ ਅਤੇ ਉਹਨਾਂ ਨੂੰ ਮਰਿਆਦਾ , ਸਿਧਾਂਤ, ਨਿਯਮਾਂ ਤੇ ਕਨੂੰਨ ਦੀ ਭਲੀ ਭਾਂਤ ਜਾਣਕਾਰੀ ਹੈ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਮੱਕੜ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਉਹਨਾਂ ਨੇ ਪਟਨਾ ਸਾਹਿਬ ਵਿਖੇ ਮੀਟਿੰਗ ਰੱਦ ਹੋਣ ਦੇ ਬਾਵਜੂਦ ਵੀ ਕਿਹੜੀ ਹੈਸੀਅਤ ਤੇ ਕਿਹੜੇ ਕਨੂੰਨ ਤਹਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ। ਕੀ ਸ਼੍ਰੋਮਣੀ ਕਮੇਟੀ ਵਿੱਚ ਵੀ ਮੀਟਿੰਗ ਰੱਦ ਕਰਨ ਉਪਰੰਤ ਕਿਸੇ ਦੂਸਰੇ ਧੜੇ ਨੂੰ ਮੀਟਿੰਗ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਜੇਕਰ ਉਹ ਕਰ ਵੀ ਲਵੇ ਤਾਂ ਕੀ ਉਸ ਦੁਆਰਾ ਪਾਸ ਕੀਤੇ ਗਏ ਮੱਤਿਆ ਨੂੰ ਮਰਿਆਦਾ ਤੇ ਨਿਯਮਾਂ ਅਨੁਸਾਰ ਪ੍ਰਵਾਨ ਕੀਤਾ ਜਾ ਸਕਦਾ ਹੈ? ਉਹਨਾਂ ਕਿਹਾ ਕਿ ਸ੍ਰੀ ਮੱਕੜ ਵੱਲੋ ਮੀਟਿੰਗ ਕਰਕੇ ਕੀ ਉਸ ਜਥੇਦਾਰ ਇਕਬਾਲ ਸਿੰਘ ਨੂੰ ਬਹਾਲ ਕਰਨ ਦੀ ਹਾਸੋਹੀਣੀ ਕਾਰਵਾਈ ਕਰਨੀ ਜਾਇਜ ਹੈ ਜਿਸ ਨੇ ਪਹਿਲਾਂ ਮਰਿਆਦਾ , ਸਿਧਾਂਤਾ ਨਿਯਮਾਂ ਦੀਆ ਧੱਜੀਆ ਉਡਾ ਕੇ ਥਾਣਿਆ ਤੇ ਕਚਿਹਰੀਆ ਵਿੱਚ ਜਾ ਕੇ ਤਖਤ ਸਾਹਿਬ ਦੀ ਆਨ ਤੇ ਸ਼ਾਨ ਨੂੰ ਠੇਸ ਪਹੁੰਚਾਈ ਅਤੇ ਲੰਮੀ ਪੜਤਾਲ ਤੋ ਬਾਅਦ ਪੁਲੀਸ ਵੱਲੋ ਉਸ ਦੀ ਦੂਸਰੀ ਪਤਨੀ ਬੀਬੀ ਬਲਜੀਤ ਕੌਰ ਦੇ ਬਿਆਨਾ ਦੇ ਆਧਾਰ ‘ਤੇ ਸੰਗੀਨ ਧਾਰਾਵਾ ਤਹਿਤ ਮੁਕੱਦਮਾ ਦਰਜ ਕੀਤਾ ਹੈ ਜਿਸ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ ਨੂੰ ਮੁੜ ਆਹੁਦੇ ਦੇ ਬਹਾਲ ਕਰਨ ਦੀ ਕਾਰਵਾਈ ਕਰਨੀ ਜਾਇਜ ਹੈ? ਉਹਨਾਂ ਕਿਹਾ ਕਿ ਦਿੱਲੀ ਤੇ ਅੰਮ੍ਰਿਤਸਰ ਤੋ ਪਟਨਾ ਸਾਹਿਬ ਵਿਖੇ ਵਿਸ਼ੇਸ਼ ਧਾੜਵੀ ਲਿਜਾ ਕੇ ਮਰਿਆਦਾ ਨੂੰ ਠੇਸ ਪਹੁੰਚਾਉਣੀ ਕਿਸੇ ਵੀ ਤਰ੍ਹਾਂ ਸਹੀ ਕਰਾਰ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਹਾਲੇ ਅੰਮ੍ਰਿਤਸਰ ਵਿਖੇ 6 ਜੂਨ ਨੂੰ ਘਲੂਘਾਰਾ ਦਿਵਸ ਤੇ ਹੋਏ ਘੱਲੂਘਾਰੇ ਦਾ ਜਵਾਬ ਸ੍ਰੀ ਮੱਕੜ ਸਿੱਖ ਕੌਮ ਨੂੰ ਦੇ ਨਹੀ ਸਕੇ ਤੇ ਹੁਣ ਪਟਨਾ ਸਾਹਿਬ ਜਾ ਕੇ ਉਹਨਾਂ ਨੇ ਨਵੇਂ ਘੱਲੂਘਾਰੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਸ੍ਰੀ ਮੱਕੜ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਢਾਈ ਸਾਲਾਂ ਵਿੱਚ ਹੋਈਆ ਮੀਟਿੰਗਾਂ ਵਿੱਚ ਕਦੇ ਵੀ ਸ਼ਾਮਲ ਨਹੀ ਹੋਏ ਤੇ ਇਸ ਵਾਰੀ ਤਾਂ ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਹੀ ਮੀਟਿੰਗ ਕਰਨ ਦਾ ਜੋਸ਼ ਚੜਿਆ ਹੋਇਆ ਸੀ।
ਉਹਨਾਂ ਕਿਹਾ ਕਿ ਅੱਜ ਕਿੰਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੱਕੜ ਸਾਹਿਬ ਪਹਿਲਾਂ ਪਾਕਿਸਤਾਨ ਜਾ ਕੇ ਸਿੱਖਾਂ ਵਿੱਚ ਵੰਡੀਆ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਤੇ ਹੁਣ ਪਟਨਾ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਹੈ ਜਿਸ ਦੀ ਸਜ਼ਾ ਗੁਰੂ ਸਾਹਿਬ ਉਸ ਨੂੰ ਜਰੂਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਇਸ ਵੇਲੇ ਪੂਰੀ ਤਰ੍ਹਾਂ ਨਸ਼ਿਆ ਦੀ ਦਲਦਲ ਵਿੱਚ ਫਸ ਚੁੱਕੀ ਹੈ ਤੇ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ ਜੰਗੀ ਪੱਧਰ ਤੇ ਵੱਧ ਰਿਹਾ ਹੈ ਜਿਸ ਲਈ ਵਿਸ਼ੇਸ਼ ਕਰਕੇ ਸ਼੍ਰੋਮਣੀ ਕਮੇਟੀ ਸਿੱਧੇ ਰੂਪ ਵਿੱਚ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਮੱਕੜ ਵੱਲੋ ਮੀਟਿੰਗ ਕਰਨ ਦੇ ਦਾਅਵੇ ਨੂੰ ਉਹ ਪੂਰੀ ਤਰ੍ਹਾਂ ਰੱਦ ਕਰਦੇ ਹਨ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਤਾ ਨਹੀ ਦਿੰਦੇ।
ਮੱਕੜ ਵੱਲੋਂ ਪਟਨਾ ਸਾਹਿਬ ਵਿਖੇ ਕੀਤੀ ਮੀਟਿੰਗ ਨੂੰ ਹਰਵਿੰਦਰ ਸਿੰਘ ਸਰਨਾ ਨੇ ਕੀਤਾ ਰੱਦ
This entry was posted in ਭਾਰਤ.