ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ.ਦਿਲਜੀਤ ਸਿੰਘ ‘ਬੇਦੀ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਸ ਫੈਸਲੇ ਦੀ ਪ੍ਰਸੰਸਾ ਕੀਤੀ ਹੈ ਜਿਸ ਵਿੱਚ ਪੀ.ਐਚ.ਡੀ. ਦੇ ਦਾਖਲਾ ਟੈਸਟ ਸਮੇਂ ਵਿਦਿਆਰਥੀਆਂ ਨੂੰ ਪੰਜਾਬੀ ਮਾਧਿਅਮ ਅਪਨਾਉਣ ਦੀ ਆਗਿਆ ਦੇ ਦਿੱਤੀ ਗਈ ਹੈ, 27 ਜੁਲਾਈ ਨੂੰ ਇਹ ਦਾਖਲਾ ਟੈਸਟ ਲਿਆ ਜਾਣਾ ਹੈ।
ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਪ ਕੁਲਪਤੀ ਪ੍ਰੋ:ਅਰੁਨ ਗਰੋਵਰ ਵੱਲੋਂ ਨਾਦਰਸ਼ਾਹੀ ਐਲਾਨ ਕਰਦਿਆਂ ਕਿਹਾ ਗਿਆ ਸੀ ਕਿ ਪੀ.ਐਚ.ਡੀ. ਦਾ ਦਾਖਲਾ ਟੈਸਟ ਕੇਵਲ ਅੰਗਰੇਜੀ ਭਾਸ਼ਾ ਰਾਹੀਂ ਹੀ ਲਾਜਮੀ ਹੋਵੇਗਾ। ਜਿਸ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਬਰਦਸਤ ਪ੍ਰਤੀਰੋਧ ਜਤਾਉਂਦਿਆਂ ਉੱਪ ਰਾਸਟਰਪਤੀ ਕਮ ਚਾਂਸਲਰ ਡਾ.ਹਾਮਿਦ ਅਲੀ ਅਨਸਾਰੀ ਨੂੰ ਪੱਤਰ ਲਿਖਿਆ ਸੀ ਕਿ ਯੂਨੀਵਰਸਿਟੀ ਵਿੱਚ ਖੇਤਰੀ ਭਾਸ਼ਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵਿਦਿਆਰਥੀਆਂ ਨੂੰ ਦਾਖਲਾ ਟੈਸਟ ਸਮੇਂ ਪੰਜਾਬੀ ਭਾਸ਼ਾ ਦੀ ਸੁਵਿੱਧਾ ਮੌਜੂਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਨੇ ਪੀ.ਐਚ.ਡੀ. ਦੇ ਦਾਖਲਾ ਟੈਸਟ ਲਈ ਪੰਜਾਬੀ, ਹਿੰਦੀ ਤੇ ਅੰਗਰੇਜੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜੋ ਵਿਦਿਆਰਥੀਆਂ ਲਈ ਵੱਡੀ ਰਾਹਤ ਹੈ। ਇਸ ਫੈਸਲੇ ਨਾਲ ਵਾਈਸ ਚਾਂਸਲਰ ਦਾ ਅੜੀਅਲ ਵਤੀਰਾ ਬਦਲਿਆ ਹੈ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤੇ ਵਿਰੋਧ ਨੂੰ ਬੂਰ ਪਿਆ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਆਇਆ ਸੀ, ਉਨ੍ਹਾਂ ਨੇ ਉਦੋਂ ਹੀ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬ ਦੀ ਮਾਤਭਾਸ਼ਾ ਪੰਜਾਬੀ ‘ਚ ਪੀ.ਐਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਨਾ ਦੇਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਦਾ ਫੈਸਲਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੀ.ਐਚ.ਡੀ. ਨੂੰ ਪੰਜਾਬੀ ਭਾਸ਼ਾ ਵਿੱਚ ਲਾਗੂ ਕਰਾਉਣ ਲਈ ਜਿਹੜੇ ਸੈਨੇਟ ਦੇ 15 ਮੈਂਬਰਾਂ ਨੇ ਅਵਾਜ ਬੁਲੰਦ ਕੀਤੀ ਸੀ ਉਸ ਨੂੰ ਵੀ ਦਬਾ ਦਿੱਤਾ ਗਿਆ ਸੀ, ਜਦ ਕਿ ਇਸੇ ਹੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵੱਲੋਂ ਦੂਜੀਆਂ ਭਾਸ਼ਾਵਾਂ ਦੇ ਨਾਲ ਪੰਜਾਬੀ ਵਿੱਚ ਵੀ ਦਾਖਲਾ ਟੈਸਟ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੰਜਾਬੀ ਵਿਰੋਧੀ ਫੈਸਲੇ ਨਹੀਂ ਹੋਣੇ ਚਾਹੀਦੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦੇ ਦਾਖਲਾ ਟੈਸਟ ਨੂੰ ਮਾਨਤਾ ਦੇਣਾ ਪ੍ਰਸ਼ੰਸਾਯੋਗ- ‘ਬੇਦੀ’
This entry was posted in ਪੰਜਾਬ.