ਲੁਧਿਆਣਾ – ਸਵਿਟਜ਼ਰਲੈਂਡ ਦੀ ਜੂਰਿਕ ਯੂਨੀਵਰਸਿਟੀ ਦੇ ਸਾਇੰਸਦਾਨ ਡਾ. ਪੀਟਰ ਮਾਰਟੀ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਆਪਣੀ ਇਸ ਫੇਰੀ ਦੌਰਾਨ ਉਹਨਾਂ ਵਿਸ਼ੇਸ਼ ਤੌਰ ਤੇ ਯੂਨੀਵਰਿਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਅਤੇ ਹੋਰ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕੀਤੀ । ਡਾ. ਮਾਰਟੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਾਇੰਸਦਾਨਾਂ ਦੇ ਆਦਾਨ ਪ੍ਰਦਾਨ ਅਤੇ ਭਵਿੱਖ ਵਿੱਚ ਸਾਂਝੇ ਖੋਜ ਕਾਰਜਾਂ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਸੀ ।
ਇਸ ਮੌਕੇ ਡਾ. ਮਾਰਟੀ ਨੇ ਆਪਣੀ ਯੂਨੀਵਰਸਿਟੀ ਦੇ ਸੰਗਠਿਤ ਢਾਂਚੇ ਅਤੇ ਪਸਾਰ ਸਿੱਖਿਆ ਦੇ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ।ਉਹਨਾਂ ਦੱਸਿਆ ਕਿ ਜੂਰਿਕ ਯੂਨੀਵਰਸਿਟੀ ਦੇ ਉਦਯੋਗਿਕ ਘਰਾਣਿਆਂ ਤੋਂ ਇਲਾਵਾ ਨਿੱਜੀ ਅਦਾਰਿਆਂ ਦੇ ਨਾਲ ਗਹਿਰੇ ਸੰਬੰਧ ਹਨ ਅਤੇ ਜਿਸ ਨਾਲ ਦੋ ਪਾਸੜਾ ਲਾਭ ਪਹੁੰਚਦਾ ਹੈ । ਇਸ ਮੌਕੇ ਡਾ. ਗੋਸਲ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ । ਉਹਨਾਂ ਵਿਸ਼ੇਸ਼ ਤੌਰ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਉਪਰ ਖੋਜ ਕਾਰਜ ਨੇਪਰੇ ਚਾੜੇ ਜਾਂਦੇ ਹਨ ਅਤੇ ਭਵਿੱਖ ਵਿੱਚ ਖੇਤੀ ਦੀਆਂ ਨਵੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਦੋਹਾਂ ਅਦਾਰਿਆਂ ਵੱਲੋਂ ਸਾਂਝੇ ਖੋਜ ਕਾਰਜ ਦੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ । ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਖੇਤੀਬਾੜੀ ਕਾਲਜ ਦੇ ਟੀਚਿੰਗ ਇੰਨਚਾਰਜ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦਿੱਤੀ । ਉਹਨਾਂ ਡਾ. ਮਾਰਟੀ ਨੂੰ ਵੱਖ – ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਨੇ ਯੂਨੀਵਰਸਿਟੀ ਦੀ ਸੰਖੇਪ ਭੂਮਿਕਾ ਸਾਂਝੀ ਕੀਤੀ ਅਤੇ ਇਸ ਮੌਕੇ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਖੋਜ ਡਾ. ਜਗਤਾਰ ਸਿੰਘ ਧੀਮਾਨ ਵੀ ਹਾਜ਼ਰ ਸਨ । ਇਸ ਵਿਚਾਰ ਚਰਚਾ ਤੋਂ ਉਪਰੰਤ ਡਾ. ਮਾਰਟੀ ਨੂੰ ਪੇਂਡੂ ਸੱਭਿਆਚਾਰ ਦਰਸਾਉਂਦੇ ਮਿਊਜ਼ੀਅਮ ਤੋਂ ਇਲਾਵਾ ਯੂਨੀਵਰਸਿਟੀ ਵਿਖੇ ਸਥਿਤ ਡਾ. ਐਮ.ਐਸ. ਰੰਧਾਵਾ ਲਾਇਬ੍ਰੇਰੀ ਦਾ ਦੌਰਾ ਵੀ ਕਰਵਾਇਆ ਗਿਆ ।
ਸਵਿਟਜ਼ਰਲੈਂਡ ਦੀ ਨਾਮੀ ਯੂਨੀਵਰਸਿਟੀ ਤੋਂ ਵਿਗਿਆਨੀ ਨੇ ਪੀ.ਏ.ਯੂ. ਦਾ ਦੌਰਾ ਕੀਤਾ
This entry was posted in ਖੇਤੀਬਾੜੀ.