ਅੰਮ੍ਰਿਤਸਰ – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੂਨ ੧੯੮੪ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ੬ ਜੂਨ ਨੂੰ ਕਰਵਾਏ ਗਏ ਸਮਾਗਮ ਮੌਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਹੁਲੜਬਾਜ਼ੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਯਾਦਾ ਨੂੰ ਠੇਸ ਪਹੁੰਚਾਈ ਅਤੇ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀ ਇਸ ਹਿੰਸਕ ਘਟਨਾ ਨਾਲ ਦੇਸ਼-ਵਿਦੇਸ਼ਾਂ ‘ਚ ਸਿੱਖਾਂ ਦੇ ਅਕਸ ਨੂੰ ਭਾਰੀ ਢਾਅ ਲੱਗੀ ਹੈ ਜਿਸ ਦਾ ਸਖਤ ਨੋਟਿਸ ਲੈਂਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹਿੰਸਕ ਘਟਨਾ ਦੀ ਨਿਰਪੱਖ ਜਾਂਚ ਕਰਨ ਲਈ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਅਵਤਾਰ ਸਿੰਘ ਮੁੱਖੀ ਬਿਧੀ ਚੰਦ ਸੰਪਰਦਾ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਤੇ ਆਧਾਰਤ ਸਬ-ਕਮੇਟੀ ਗਠਿਤ ਕੀਤੀ ਜਿਸ ਦੇ ਕੋ-ਆਰਡੀਨੇਟਰ ਸ.ਬਲਵਿੰਦਰ ਸਿੰਘ ਜੋੜਾਸਿੰਘਾ ਐਡੀ:ਸਕੱਤਰ ਨੂੰ ਬਣਾਇਆ ਗਿਆ। ਇਸ ਕਮੇਟੀ ਨੇ ਪ੍ਰਬੰਧਕੀ ਬਲਾਕ ‘ਚ ਇਕੱਤਰਤਾ ਕਰਕੇ ੬ ਜੂਨ ਨੂੰ ਵਾਪਰੀਆਂ ਘਟਨਾਵਾਂ ਸੰਬੰਧੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੱਖ-ਵੱਖ ਦਿਸ਼ਾਵਾਂ ਦੀ ਵੀਡੀਓ ਫੁਟੇਜ ਪ੍ਰਾਈਵੇਟ ਵੀਡੀਓ ਤੇ ਕੁਝ ਤਸਵੀਰਾਂ ਵੇਖੀਆਂ ਤੇ ਬਰੀਕੀ ਨਾਲ ਜਾਂਚ ਕੀਤੀ।ਇਸੇ ਦੌਰਾਨ ਜਾਂਚ ਕਮੇਟੀ ਨੇ ਡਿਊਟੀ ਸਟਾਫ, ਸਕੱਤਰ ਤੇ ਵਧੀਕ ਸਕੱਤਰ ਪੱਧਰ ਦੇ ਅਧਿਕਾਰੀਆਂ ਪਾਸੋਂ ਵੀ ਪੁੱਛਗਿੱਛ ਕੀਤੀ।
ਮੀਟਿੰਗ ਉਪਰੰਤ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਦੀ ਇਕੱਤਰਤਾ ‘ਚ ੬ ਜੂਨ ਦੀ ਘਟਨਾ ਸੰਬੰਧੀ ਸੀ. ਸੀ. ਟੀ. ਵੀ. ਫੁਟੇਜ, ਪ੍ਰਾਈਵੇਟ ਵੀਡੀਓਜ਼ ਤੇ ਕੈਮਰਾ ਤਸਵੀਰਾਂ ਨੂੰ ਵੱਖ-ਵੱਖ ਐਗਲਾਂ ਤੋਂ ਵੇਖਿਆ ਗਿਆ ਹੈ। ਇਨ੍ਹਾਂ ਵੀਡੀਓਜ਼ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ੬ ਜੂਨ ਨੂੰ ਸਮਾਗਮ ਵਾਲੇ ਦਿਨ ਕੁਝ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ- ਮਰਿਯਾਦਾ ਦਾ ਜ਼ਰਾ ਜਿੰਨਾ ਵੀ ਖਿਆਲ ਨਹੀਂ ਰੱਖਿਆ। ਉਹ ਲੋਕ ਵਾਰ-ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਿੰਘਾਂ, ਪੰਜ ਪਿਆਰੇ ਤੇ ਦਫਤਰੀ ਸਟਾਫ ਨਾਲ ਝਗੜਾ ਕਰਦੇ ਰਹੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੰਗਲੇ ਉਪਰ ਦੀ ਟੱਪ ਕੇ ਪ੍ਰਕਾਸ਼ ਅਸਥਾਨ ਤੀਕ ਜਾਣ ਦੀ ਕੋਸ਼ਿਸ਼ ਕਰਦੇ ਰਹੇ ਜਿਥੇ ਕੇਵਲ ਡਿਊਟੀ ਸਟਾਫ ਜਾਂ ਸਿੰਘ ਸਾਹਿਬਾਨ ਤੋਂ ਇਲਾਵਾ ਹੋਰ ਕੋਈ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਹਿੰਸਕ ਘਟਨਾ ਦੇ ਵਾਪਰਨ ਕਾਰਨ ਦੇਸ਼-ਵਿਦੇਸ਼ਾਂ ‘ਚ ਸਿੱਖਾਂ ਦਾ ਅਕਸ ਖਰਾਬ ਹੋਇਆ ਹੈ ਜੋ ਨਹੀਂ ਸੀ ਹੋਣਾ ਚਾਹੀਦਾ।ਉਨ੍ਹਾਂ ਕਿਹਾ ਕਿ ਇਕੱਤਰ ਕੀਤੀ ਜਾਣਕਾਰੀ ਦੀ ਮੁਕੰਮਲ ਰਿਪੋਰਟ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਗਈ ਹੈ ਜੋ ਵਿਚਾਰ ਉਪਰੰਤ ਅੱਗੋਂ ਫੈਸਲਾ ਲੈਣਗੇ।
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਜਿਹੜੇ ਨੌਜਵਾਨ ੬ ਜੂਨ ਦੀ ਘਟਨਾ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਇਸ ਸਮੇਂ ਜੇਲ੍ਹ ‘ਚ ਹਨ। ਉਨ੍ਹਾਂ ਨੌਜਵਾਨਾਂ ‘ਚੋਂ ੨੨ ਨੌਜਵਾਨਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਪੱਤਰ ਭੇਜ ਕੇ ਬੇਨਤੀ ਕੀਤੀ ਗਈ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ। ੬ ਜੂਨ ਨੂੰ ਵਾਪਰੀ ਘਟਨਾ ਪ੍ਰਤੀ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ।ਇਸ ਘਟਨਾ ਸੰਬੰਧੀ ਜੋ ਵੀ ਧਾਰਮਿਕ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਲਗਾਈ ਜਾਵੇਗੀ ਅਸੀਂ ਖ਼ਿੜੇ ਮੱਥੇ ਪ੍ਰਵਾਨ ਕਰਾਂਗੇ।ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਪੱਤਰ ਕੱਲ ਜਾਂਚ ਸਬ-ਕਮੇਟੀ ਪਾਸ ਪੁੱਜਾ ਹੈ।ਇਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਹੈ ਤੇ ਸਬ-ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸਬ-ਕਮੇਟੀ ਨੇ ਇਨ੍ਹਾਂ ਨੌਜਵਾਨਾਂ ਨੂੰ ਮੁਆਫੀ ਦੇਣ ਬਾਰੇ ਸਿਫਾਰਸ਼ ਕੀਤੀ ਹੈ।