ਨਵੀਂ ਦਿੱਲੀ : – ਆਰਥਿਕ ਅਤੇ ਵਿਦਿਅਕ ਪੱਖੋ ਸਿੱਖਿਆ ਪ੍ਰਾਪਤ ਕਰਨ ‘ਚ ਅਸਮਰਥ ਰਹੇ ਬੱਚਿਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਨੀਰੀ ਸੰਭਾਲ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 1984 ‘ਚ ਸਭ ਤੋਂ ਵੱਧ ਸੰਤਾਪ ਝੇਲਣ ਵਾਲੀ ਕਲੌਨੀਆਂ ਮੰਗੋਲਪੁਰੀ ਅਤੇ ਸੁਲਤਾਨਪੁਰੀ ‘ਚ ਵਸਦੇ ਸਿਕਲੀਘਰ, ਵੰਜਾਰੇ ਅਤੇ ਲੁਬਾਣੇ ਸਿੱਖ ਪਰਿਵਾਰਾਂ ਦੀ ਨਵੀਂ ਪਨੀਰੀ ਨੂੰ ਵਿਦਿਆ ਦੇਣ ਦੇ ਮਕਸਦ ਨਾਲ ਮੰਗੋਲਪੁਰੀ ਅਤੇ ਬੁੱਧਵਿਹਾਰ ਵਿਖੇ ਆਈ.ਟੀ.ਆਈ./ਪ੍ਰੋਫੈਸ਼ਨਲ ਟ੍ਰੇਨਿੰਗ ਸੈਂਟਰ ਅਤੇ ਮਿਡਲ ਸਕੂਲ ਖੋਲਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਕਲੌਨੀਆਂ ਦੇ ਦੌਰੇ ਦੌਰਾਨ ਸਥਾਨਿਕ ਸੰਗਤਾਂ ਦੀਆਂ ਤਕਲੀਫਾਂ ਨੂੰ ਸਥਾਨਕ ਦਿੱਲੀ ਕਮੇਟੀ ਮੈਂਬਰ ਸਮਰਦੀਪ ਸਿੰਘ ਸੰਧੂ ਦੀ ਮੌਜੂਦਗੀ ‘ਚ ਸੁਣਦੇ ਹੋਏ ਮਾਲੀ ਮਜਬੂਰੀ ਕਾਰਣ ਪੜਾਈ ਛੱਡ ਚੁੱਕੇ ਬੱਚਿਆਂ ਨੂੰ ਮੰਗੋਲਪੁਰੀ ‘ਚ ਖੁਲਣ ਜਾ ਰਹੇ ਸੈਂਟਰ ‘ਚ ਡਿਪਲੋਮਾਂ ਪ੍ਰਾਪਤ ਕਰਨ ਦਾ ਸੱਦਾ ਵੀ ਦਿੱਤਾ।
ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਆਪਣੇ ਚੋਣ ਮਨੋਰਥ ਪੱਤਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਲੀ ਦੀ ਸੰਗਤ ਨੂੰ 5 ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਖੋਲਣ ਦੇ ਦਿੱਤੇ ਗਏ ਭਰੋਸੇ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਰੋਹਣੀ ਦੇ ਨਾਲ ਲਗਦੇ ਇਲਾਕੇ ‘ਚ ਇਕ ਮਿਡਲ ਸਕੂਲ ਖੋਲਣ ਦਾ ਇਸ਼ਾਰਾ ਕਰਨ ਦੇ ਨਾਲ ਹੀ ਇਸ ਦੀ ਫੀਸ ਮਾਮੂਲੀ ਹੋਣ ਦੀ ਵੀ ਗੱਲ ਕਹੀ। ਆਰਥਿਕ ਪੱਖੋ ਗਰੀਬ ਪਰਿਵਾਰਾਂ ਦੇ ਇਨ੍ਹਾਂ ਬੱਚਿਆਂ ਨੂੰ ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਪੜਾਈ ਦੇ ਖੇਤਰ ‘ਚ ਹਰ ਪ੍ਰਕਾਰ ਦੀ ਸਹੁਲਿਯਤ ਦੇਣ ਦਾ ਵਾਇਦਾ ਵੀ ਕੀਤਾ। ਇਲਾਕੇ ਦੀ ਸੰਗਤ ਨੇ ਪਿੱਛਲੀਆਂ ਕਮੇਟੀਆਂ ਵੱਲੋਂ ਉਨ੍ਹਾਂ ਦੀ ਕਲੌਂਨੀਆਂ ਵੱਲ ਧਿਆਨ ਨਾ ਦੇਣ ਦੀ ਜਾਣਕਾਰੀ ਜੀ.ਕੇ. ਨੂੰ ਦਿੰਦੇ ਹੋਏ ਦਿੱਲੀ ਕਮੇਟੀ ਵੱਲੋਂ ਪਨੀਰੀ ਸਾਂਭਣ ਦੀ ਕੀਤੀ ਜਾ ਰਹੀ ਪਹਿਲ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਜਸਬੀਰ ਸਿੰਘ ਜੱਸੀ ਅਤੇ ਸਥਾਨਿਕ ਆਗੂ ਮੋਹਨ ਸਿੰਘ ਤੇ ਰੂਪ ਸਿੰਘ ਵੀ ਮੌਜੂਦ ਸਨ।
ਮੰਗੋਲਪੁਰੀ ਕਲੌਨੀ ਤੋਂ ਦਿੱਲੀ ਕਮੇਟੀ ਦੀ “ਪਨੀਰੀ ਸੰਭਾਲ ਯੋਜਨਾ” ਸ਼ੁਰੂ
This entry was posted in ਭਾਰਤ.