ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਕਰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਬੀਤੇ 14 ਮਹੀਨਿਆਂ ਤੋਂ ਕੀਤੇ ਜਾ ਰਹੇ ਲੋਕਪੱਖੀ ਕਾਰਜਾਂ ਤੋਂ ਘਬਰਾ ਕੇ ਕੁਝ ਨਾ ਪੱਖੀ ਊਰਜਾ ਤੋਂ ਭਰਪੂਰ ਸਿਆਸੀ ਬੇਰੋਜ਼ਗਾਰ ਅਤੇ ਮੌਕਾਪ੍ਰਸਤ ਪਾਲਾ ਵੱਟੂ ਆਗੂ ਅਨਾਪ-ਸ਼ਨਾਪ ਬਿਆਨਬਾਜ਼ੀ ਕਰਨ ਤੇ ਉਤਰ ਆਏ ਹਨ। ਪਰਮਿੰਦਰ ਨੇ ਦੋਸ਼ ਲਗਾਇਆ ਕਿ ਆਪਣੇ ਪੁਰਾਣੇ ਕਾਰਜਾਂ ਕਰਕੇ ਸੰਗਤਾਂ ਵੱਲੋਂ ਕਿਨਾਰੇ ਲਾਏ ਗਏ ਇਹ ਆਗੂ ਫੋਕੀ ਸ਼ੋਹਰਤ ਖਟੱਣ ਲਈ ਤਰਲੋਮੱਛੀ ਹੁੰਦੇ ਹੋਏ ਹੁਣ ਛਡਯੰਤਰ ਕਾਰੀਆਂ ਦੀ ਭੁੂਮਿਕਾ ਵਿਚ ਆ ਗਏ ਹਨ।
ਵਿਰੋਧੀ ਧਿਰ ਦੀ ਸੇਵਾ ਦੌਰਾਨ ਸਿੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਕੇ ਗੁਰਮਤਿ ਸਿਧਾਤਾਂ ਤੋਂ ਦੂਰ ਬੀਬੀਆਂ ਦੀ ਬੇਪਤੀ ਕਰਨ, ਸਕੂਲਾਂ ‘ਚ ਜਾਲੀ ਡਿਗਰੀਆਂ ਰਾਹੀਂ ਦਾਖਿਲੇ ਕਰਨ ਅਤੇ ਰੁਮਾਲੇ ਸਾਹਿਬ ਚੋਰੀ ਕਰਨ ਤੇ ਵੇਚਣ ਵਾਲਿਆਂ ਨੁੰ ਪੁਸਤ-ਪਨਾਹ ਦੇਣ ਵਾਲੇ ਇਨ੍ਹਾਂ ਅਖੌਤੀ ਆਗੂਆਂ ਦਾ ਅਸਲ ਕਿਰਦਾਰ ਸਿਰਫ ਰਾਜ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰਨ ਵਾਲਾ ਹੋਣ ਦਾ ਦੱਸਦੇ ਹੋਏ ਪਰਮਿੰਦਰ ਨੇ ਇਨ੍ਹਾਂ ਵੱਲੋਂ ਨਿਜੀ ਮਸਲਿਆਂ ਤੇ ਮਗਰਮੱਛੀ ਅਥਰੂ ਵਹਾਉਣ ਤੇ ਵੀ ਹੈਰਾਨੀ ਪ੍ਰਗਟਾਈ।
ਬਿਨਾਂ ਸਬੂਤਾਂ ਦੇ ਦਿੱਲੀ ਕਮੇਟੀ ਖਿਲਾਫ ਕੀਤੀ ਜਾ ਰਹੀ ਦੁਸ਼ੱਣਬਾਜ਼ੀ ਤੇ ਵਿਰੋਧੀ ਧਿਰ ਨੂੰ ਘੇਰਦੇ ਹੋਏ ਪਰਮਿੰਦਰ ਨੇ ਇਨ੍ਹਾਂ ਆਰੋਪਾਂ ਨੂੰ ਸਾਬਿਤ ਕਰਨ ਦੀ ਵੀ ਚੂਨੌਤੀ ਦੇਣ ਦੇ ਨਾਲ ਹੀ ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਵੇਲੇ ਸਾਬਕਾ ਪ੍ਰਬੰਧਕਾਂ ਵੱਲੋਂ ਕੱਢੇ ਗਏ ਨਗਰ ਕੀਰਤਨ ਦੌਰਾਨ ਬੇਲੋੜੀ ਕੀਤੀਆਂ ਗਈਆਂ ਖਰੀਦਾਰੀਆਂ ਤੇ ਵੀ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਨੂੰ ਇਸ ਨਗਰ ਕੀਰਤਨ ਦਾ ਹਿਸਾਬ ਅੱਜ ਤਕ ਨਹੀਂ ਮਿਲਿਆਂ ਸਗੋਂ ਪਾਲਕੀ ਸਾਹਿਬ ਲਈ 17 ਲੱਖ ਦੀ ਲਾਗਤ ਨਾਲ 2006 ‘ਚ ਖਰੀਦੀ ਗਈ ਬੱਸ ਅੱਜ ਵੀ ਚਿੱਟਾ ਹਾਥੀ ਬਣਕੇ ਪਾਰਕਿੰਗ ‘ਚ ਖੜੀ ਹੈ। ਦਿੱਲੀ ਦੀ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਨੂੰ ਭਰਵਾਂ ਸਹਿਯੋਗ ਮਿਲਣ ਦੀ ਗੱਲ ਕਰਦੇ ਹੋਏ ਪਰਮਿੰਦਰ ਨੇ ਵਿਰੋਧੀ ਧਿਰ ਵੱਲੋਂ ਆਪਣੇ ਰਾਜ ਦੌਰਾਨ ਕੀਤੀਆਂ ਗਲਤੀਆਂ ਨੂੰ ਭੁੂੱਲ ਕੇ ਸਿਆਸਤ ਲਈ ਸਟਾਫ ਦੀਆਂ ਭਾਵਨਾਵਾਂ ਦੀ ਦੁਰਵਰਤੋਂ ਕਰਨ ਨੂੰ ਵੀ ਮੰਦਭਾਗਾ ਐਲਾਨਿਆ।
ਦਿੱਲੀ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ
This entry was posted in ਭਾਰਤ.