ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਂਕ ਬਾਬਾ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੁਆਰਾ ਚੱਲ ਰਹੀ ਸਰਾਂ ਦੀ ਕਾਰ ਸੇਵਾ ਦੌਰਾਨ ਮੁਲਾਜਮਾ ਤੇ ਜਾਨ ਲੇਵਾ ਹਮਲਾ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਪ੍ਰਤਾਪ ਸਿੰਘ ਨੇ ਦੱਸਿਆ ਕਿ ਚੌਂਕ ਬਾਬਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਲਕੀਅਤੀ ਜਗ੍ਹਾ ਪੁਰ ਚੱਲ ਰਹੀ ਕਾਰਸੇਵਾ ਦੌਰਾਨ ਲਾਗਲੇ ਦੁਕਾਨਦਾਰ ਸ੍ਰ: ਸਤਬੀਰ ਸਿੰਘ ਬਜਾਜ ਸਪੁੱਤਰ ਸ੍ਰ: ਗੁਰਬਖਸ਼ ਸਿੰਘ, ਸ੍ਰ: ਮੋਹਨ ਸਿੰਘ ਸਪੁੱਤਰ ਸ੍ਰ: ਗੁਰਬਖਸ਼ ਸਿੰਘ. ਸ੍ਰ: ਪਰਮਜੀਤ ਸਿੰਘ ਸਪੁੱਤਰ ਸ੍ਰ: ਸਰਦਾਰਾ ਸਿੰਘ, ਉਨ੍ਹਾਂ ਦੇ ਲੜਕਿਆਂ ਤੇ ਸੱਤ-ਅੱਠ ਅਣਪਛਾਤੇ ਵਿਅਕਤੀਆਂ ਦੁਆਰਾ ਕ੍ਰਿਪਾਨਾਂ, ਲਾਠੀਆਂ ਅਤੇ ਇੱਟਾਂ ਨਾਲ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜਮਾਂ ਤੇ ਜਾਨ ਲੇਵਾ ਹਮਲਾ ਕੀਤਾ ਗਿਆ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਸ੍ਰ: ਪ੍ਰਮਜੀਤ ਸਿੰਘ, ਸ੍ਰ: ਲਖਵਿੰਦਰ ਸਿੰਘ, ਸ੍ਰ: ਗੁਰਵਿੰਦਰ ਸਿੰਘ ਮੂਧਲ,, ਸ੍ਰ: ਗੁਰਦੀਪ ਸਿੰਘ ਤੇ ਸ੍ਰ: ਬੰਤਾ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸੰਗਤਾਂ ਲਈ ਬਣਾਈ ਜਾ ਰਹੀ ਰਿਹਾਇਸ਼ੀ ਜਗ੍ਹਾ ਤੇ ਕੁਝ ਕਿਰਾਏਦਾਰ ਦੁਕਾਨਦਾਰ ਜਿਨ੍ਹਾਂ ਨਾਲ ਲਿਖਤੀ ਸਮਝੌਤੇ ਤਹਿਤ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੇ ਗੁਰਦੁਆਰਾ ਸ਼ਹੀਦਾਂ ਦੇ ਵਿਚਕਾਰ ਦੁਕਾਨਾ ਬਣਾ ਕੇ ਦਿੱਤੀਆਂ ਗਈਆਂ ਹਨ ਦੀਆਂ ਖਾਲੀ ਦੁਕਾਨਾ ਦੀ ਜਦ ਸੇਵਾ ਚਲ ਰਹੀ ਸੀ ਤਾਂ ਸ੍ਰ: ਸਤਬੀਰ ਸਿੰਘ ਬਜਾਜ ਤੇ ਉਸਦੇ ਨਾਲ ਸ਼ਾਮਿਲ ਉਸ ਦੇ ਉਕਤ ਸਾਥੀਆਂ ਨੇ ਜੋ ਪਹਿਲਾਂ ਹੀ ਤਿਆਰੀ ਵਿੱਚ ਬੈਠੇ ਸਨ ਉਨ੍ਹਾਂ ਨੇ ਸੇਵਾ ਤੇ ਤਇਨਾਤ ਮੁਲਾਜਮਾਂ ਤੇ ਜਾਨ ਲੇਵਾ ਹਮਲਾ ਕਰ ਦਿੱਤਾ।
ਮੌਕੇ ਤੇ ਪਹੁੰਚੇ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸ੍ਰ: ਗੁਰਵਿੰਦਰ ਸਿੰਘ ਡੀ ਐਸ ਪੀ ਅਤੇ ਥਾਣਾ ਸੀ ਡਵੀਜ਼ਨ ਦੇ ਐਸ ਐਚ ਓ ਸੁਰਿੰਦਰ ਸਿੰਘ ਨੂੰ ਜਗ੍ਹਾ ਦੀ ਮਲਕੀਅਤੀ ਦੇ ਕਾਗਜ਼ ਦਿਖਾ ਕੇ ਜਾਣਕਾਰੀ ਦਿੱਤੀ। ਜਦ ਡੀ ਐਸ ਪੀ ਸਾਹਿਬ ਨੇ ਸ੍ਰ: ਸਤਬੀਰ ਸਿੰਘ ਬਜਾਜ ਤੇ ਉਸ ਦੇ ਸਾਥੀਆਂ ਨੂੰ ਕਾਗਜ ਦਿਖਾਉਣ ਲਈ ਕਿਹਾ ਤਾਂ ਉਹ ਕੁਝ ਨਾ ਦਿਖਾ ਸਕੇ।
ਸਰਾਂ ਦੀ ਚੱਲ ਰਹੀ ਕਾਰਸੇਵਾ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਤੇ ਜਾਨ-ਲੇਵਾ ਹਮਲਾ
This entry was posted in ਪੰਜਾਬ.