ਫਤਿਹਗੜ੍ਹ ਸਾਹਿਬ – “ ਹਰਿਆਣਾ ਸੂਬੇ ਦੀ ਵੱਖਰੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਊਣ ਦੇ ਅਤਿ ਗੰਭੀਰ ਮੁੱਦੇ ਉੱਤੇ ਹਰਿਆਣਾ ਦੇ ਸਿੱਖਾਂ ਵੱਲੋਂ ਸਿੱਖ ਕੌਮ ਦੀ ਕਾਤਲ ਕਾਂਗਰਸ ਜਮਾਤ ਦੇ ਗੁਲਾਮ ਬਣਨ ਅਤੇ ਪੰਜਾਬ ਸੂਬੇ ਦੀ ਸਿੱਖ ਲੀਡਰਸਿ਼ਪ ਵੱਲੋਂ ਬੀਜੇਪੀ ਫਿਰਕੂ ਮੋਦੀ ਦੇ ਗੁਲਾਮ ਬਣ ਜਾਣ ਦੇ ਅਮਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਿਥੇ ਡੂੰਘੀ ਠੇਸ ਪਹੁੰਚਾਊਣ ਵਾਲੇ ਹਨ, ਉਥੇ ਅਜਿਹੀ ਸਵਾਰਥੀ ਲੀਡਰਸਿ਼ਪ ਵੱਲੋਂ ਸਿੱਖ ਕੌਮ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਭਰਾ ਮਾਰੂ ਜੰਗ ਕਰਾਉਣ ਵਾਲੇ ਨਿੰਦਣਯੋਗ ਅਮਲ ਹਨ। ਜਦੋਂ ਕਿ ਦੋਵੇਂ ਕਾਂਗਰਸ-ਬੀਜੇਪੀ ਹਿੰਦੂਤਵ ਜਮਾਤਾਂ ਨੇ ਸੋਚੀ ਸਮਝੀ ਸਾਜਿਸ਼ ਅਧੀਨ ਹੀ ਇਕ ਰੂਪ ਹੋ ਕੇ 1984 ਵਿਚ ਸ੍ਰੀ ਦਰਬਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਫੌਜੀ ਹਮਲਾ ਕੀਤਾ ਸੀ। ਦੋਵੇਂ ਸੂਬਿਆਂ ਦੇ ਸਿੱਖਾਂ ਵੱਲੋਂ ਉਪਰੋਕਤ ਜਮਾਤਾਂ ਦੇ ਗੁਲਾਮ ਬਣ ਜਾਣ ਦਾ ਵਰਤਾਰੇ ਨੂੰ ਅਸੀਂ ਬਿਲਕੁਲ ਪ੍ਰਵਾਨ ਨਹੀਂ ਕਰਦੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਅਤੇ ਪੰਜਾਬ ਸੂਬੇ ਦੀ ਸਿੱਖ ਲੀਡਰਸਿ਼ਪ ਵੱਲੋਂ ਕੀਤੇ ਜਾ ਰਹੇ ਅਮਲਾਂ ਨੂੰ ਸਿੱਖ ਕੌਮ ਵਿਰੋਧੀ ਕਰਾਰ ਦਿੰਦੇ ਹੋਏ ਨਸ਼ਰ ਕੀਤੇ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਸੰਸਥਾ ਸਿੱਖ ਕੌਮ ਵਿਚ ਇਕ ਸਤਿਕਾਰਯੋਗ ਉੱਚ ਰੁਤਬਾ ਰੱਖਦੀ ਹੈ। ਲੇਕਿਨ ਉਸ ਅਸਥਾਨ ਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਵੱਲੋਂ ਸਿਆਸਤਦਾਨਾਂ ਦੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਛੋਟੇ ਛੋਟੇ ਮੁੱਦਿਆਂ ਉਤੇ ਹੁਕਮਨਾਮੇ ਜਾਰੀ ਕਰਕੇ ਇਸ ਅਸਥਾਨ ਅਤੇ ਜਥੇਦਾਰ ਸਾਹਿਬਾਨ ਦੀ ਉੱਚ ਪਦਵੀ ਦੇ ਸਤਿਕਾਰ ਨੂੰ ਖੁਦ ਹੀ ਬੌਣਾ ਕੀਤਾ ਜਾ ਰਿਹਾ ਹੈ ਜੋ ਕਿ ਅਸਹਿ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੋਣ ਤੇ ਤਾਂ ਕਿਸੇ ਸਿੱਖ ਨੂੰ ਪੰਥ ਵਿਚੋਂ ਛੇਕਿਆ ਜਾ ਸਕਦਾ ਹੈ। ਲੇਕਿਨ ਕਿਸੇ ਮੀਟਿੰਗ ਵਿਚ ਹਾਜਿਰ ਨਾਂ ਹੋਣ ਉਤੇ ਕਿਸੇ ਨੂੰ ਪੰਥ ਵਿਚੋਂ ਛੇਕਣਾ ਸਿਆਸਤਦਾਨਾਂ ਦੇ ਗੁਲਾਮ ਬਣਨ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਰਾਜਸਥਾਨ ਦੇ ਬੁੱਢਾ ਜੌਹਰ ਦੇ ਸ.ਬਲਦੇਵ ਸਿੰਘ ਨੂੰ ਮੀਟਿੰਗ ਵਿਚ ਨਾਂ ਪਹੁੰਚਣ ਉਤੇ ਪੰਥ ਵਿਚੋਂ ਛੇਕਣ ਦੀ ਕਾਰਵਾਈ ਸਿੱਖਾਂ ਨੂੰ ਜਥੇਦਾਰ ਵਿਰੁੱਧ ਬਗਾਵਤ ਲਈ ਉਤਸ਼ਾਹਿਤ ਕਰਦੀ ਹੈ। ਇਸੇ ਤਰਾਂ ਜੇਕਰ ਜਥੇਦਾਰ ਸਾਹਿਬਾਨ ਸਿਆਸਤਦਾਨਾਂ ਦੇ ਬੁਲਾਰੇ ਬਣ ਕੇ ਹਰਿਆਣੇ ਦੇ ਸਿੱਖਾਂ ਦੇ ਮਸਲੇ ਵਿਚ ਦਖਲ ਦੇਣਗੇ ਤਾਂ ਹਰਿਆਣਾ ਦੇ ਸਿੱਖ ਵੀ ਬਾਗੀ ਹੋਣ ਲਈ ਮਜਬੂਰ ਹੋ ਜਾਣਗੇ। ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾ ਅਤੇ ਜਥੇਦਾਰ ਦੇ ਰੁਤਬੇ ਦੇ ਸਤਿਕਾਰ ਨੂੰ ਡੂੰਘੀ ਠੇਸ ਪਹੁੰਚਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬਜਰ ਕੁਰਹਿਤਾਂ ਬੀਬੀ ਜਗੀਰ ਕੌਰ ਨੇ ਆਪਣੀ ਧੀ ਅਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਨੂੰ ਮਾਰ ਕੇ ਕੀਤੀ ਸੀ। ਜਿਸ ਨੂੰ ਐਸ ਜੀ ਪੀ ਸੀ ਅਤੇ ਜਥੇਦਾਰ ਸਾਹਿਬਾਨ ਨੇ ਕੁਝ ਨਹੀਂ ਕੀਤਾ। ਦੂਸਰਾ ਸਿੱਖ ਕੌਮ ਵਿਚ ਦੁਫੇੜ ਪੈਦਾ ਕਰਨ ਦਾ ਕਰਾਨ ਵੀ ਬਣੇਗੀ। ਕਾਂਗਰਸ ਅਤੇ ਬੀਜੇਪੀ ਜਮਾਤਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਅਤੇ ਮਜ੍ਹਬ ਹਿੰਦੂਆਂ ਨਾਲੋਂ ਵੱਖਰੇ ਹਨ।
ਦੂਜੇ ਪਾਸੇ ਜਿਸ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 60-60 ਸਾਲਾਂ ਤੋਂ ਉਥੇ ਵੱਸੇ ਅਤੇ ਕਾਨੂੰਨੀ ਤੌਰ ਤੇ ਆਪਣੀਆਂ ਜਮੀਨਾਂ ਦੇ ਮਾਲਕ ਬਣੇ 60,000 ਸਿੱਖ ਜਿੰਮੀਦਾਰਾਂ ਨੂੰ ਉਜਾੜਿਆ ਹੈ, ਉਸ ਮੋਦੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਠਾਨਕੋਟ ਅਤੇ ਜਗਰਾਓਂ ਵਿਖੇ ਕ੍ਰਿਪਾਨ ਅਤੇ ਸਿਰੋਪਾਓ ਭੇਂਟ ਕਰਕੇ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੈ, ਉਸ ਸੰਬੰਧੀ ਜਥੇਦਾਰ ਸਾਹਿਬਾਨ ਚੁੱਪੀ ਕਿਊਂ ਧਾਰੀ ਬੈਠੇ ਹਨ? ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਕਾਰਵਾਈ ਕਰਨ ਤੋਂ ਝਿਜਕ ਕਿਊਂ ਰਹੇ ਹਨ। ਕੀ ਬੱਕਰੇ ਵੀ ਕਦੀ ਕਸਾਈਆਂ ਨੂੰ ਛੁਰੀਆਂ ਜਾਂ ਤਲਵਾਰਾਂ ਭੇਂਟ ਕਰਦੇ ਹਨ? ਉਹਨਾਂ ਕਿਹਾ ਕਿ 2004 ਵਿਚ ਬਣੀ ਐਸ ਜੀ ਪੀ ਸੀ ਅਤੇ ਉਸਦੇ ਇਗਜੈਕਟਿਵ ਜੋ ਆਪਣੀ ਮਿਆਦ ਪੁਗਾ ਚੁੱਕੀ ਹੈ, ਉਸ ਨੂੰ ਸਿੱਖ ਕੌਮ ਸੰਬੰਧੀ ਹੁਣ ਫੈਸਲੇ ਲੈਣ ਦਾ ਕੋਈ ਅਧਿਕਾਰ ਬਾਕੀ ਨਹੀਂ ਰਹਿ ਗਿਆ। ਉਹਨਾਂ ਕਿਹਾ ਜੇਕਰ ਸ੍ਰੀ ਹੁੱਡਾ ਸਿੱਖ ਕੌਮ ਦਾ ਦੋਸਤ ਨਹੀਂ ਹੈ ਤਾਂ ਗੁਜਰਾਤ ਵਿਚੋਂ 60,000 ਸਿੱਖਾਂ ਦਾ ਉਜਾੜਾ ਕਰਨ ਵਾਲਾ ਅਤੇ ਮੁਸਲਿਮ ਕੌਮ ਦਾ ਕਤਲੇਆਮ ਕਰਨ ਵਾਲਾ ਜਾਬਰ ਮੋਦੀ ਵ ਿਸਿੱਖ ਕੌਮ ਦਾ ਦੋਸਤ ਨਹੀਂ ਹੈ। ਦੋਵੇਂ ਆਗੂ ਅਤੇ ਦੋਵੇਂ ਕਾਂਗਰਸ ਅਤੇ ਬੀ ਜੇ ਪੀ ਜਮਾਤਾਂ ਸਿੱਖ ਕੌਮ ਦੇ ਦੁਸ਼ਮਣਾਂ ਦੀ ਲੜੀ ਵਿਚ ਆਉਂਦੀਆਂ ਹਨ। ਇਸ ਲਈ ਜਥੇਦਾਰ ਸਾਹਿਬਾਨ ਅਤੇ ਸਿੱਖ ਆਗੂ ਛੋਟੇ ਛੋਟੇ ਮੁੱਦਿਆਂ ਉਤੇ ਜੇਕਰ ਸਿੱਖ ਕੌਮ ਵਿਚ ਭਰਾ ਮਾਰੂ ਜੰਗ ਨਾਂ ਕਰਵਾਉਣ ਤਾਂ ਬੇਹਤਰ ਹੋਵੇਗਾ। ੜਰਨਾ ਅਜਿਹੀਆਂ ਕਾਰਵਾਈਆਂ ਦੀ ਬਦੌਲਤ ਸਿੱਖ ਕੌਮ ਦਾ ਮਾਲੀ-ਜਾਨੀ, ਇਖਲਾਕੀ, ਧਰਮੀ ਅਤੇ ਸਮਾਜਿਕ ਨੁਕਸਾਨ ਕਰਨ ਲਈ ਜਿਥੇ ਐਸ ਜੀ ਪੀ ਸੀ ਦੇ ਪ੍ਰਧਾਨ ਸ਼੍ਰੀ ਮੱਕੜ, ਸ. ਬਾਦਲ ਜਿੰਮੇਵਾਰ ਹੋਣਗੇ, ਉਥੇ ਆਪਣੇ ਪਰਿਵਾਰਕ ਅਤੇ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਕਦੀ ਕਾਂਗਰਸ ਅਤੇ ਕਦੀ ਬੀਜੇਪੀ ਹਿੰਦੂਤਵ ਜਮਾਤਾਂ ਦੀ ਬੋਲੀ ਬੋਲਣ ਵਾਲੇ ਪੰਜਾਬ ਅਤੇ ਹਰਿਆਣਾ ਦੇ ਸਿੱਖ ਆਗੂ ਵੀ ਇਸ ਜਿੰਮੇਵਾਰੀ ਤੋਂ ਬਚ ਨਹੀਂ ਸਕਣਗੇ।