ਕੋਟਕਪੂਰਾ (ਗੁਰਿੰਦਰ ਸਿੰਘ) – ਇਹ ਖ਼ਬਰ ਬੜੇ ਅਫ਼ਸੋਸ ਨਾਲ ਸੁਣੀ ਜਾਵੇਗੀ ਕਿ ਸ. ਰਘਬੀਰ ਸਿੰਘ ਸਮੱਘ ਕਨੇਡਾ ਵਾਲੇ ਹੁਣ ਸਾਡੇ ਵਿਚ ਨਹੀਂ ਰਹੇ। ਸ ਰਘਬੀਰ ਸਿੰਘ ਪਿਛਲੇ 24 ਸਾਲ ਤੋਂ ਕਨੇਡਾ ਤੋਂ ਗੁਰਬਾਣੀ ਟੀ.ਵੀ.ਚੈਨਲ ਚਲਾ ਰਹੇ ਸਨ, ਜਿਸ ਨੂੰ ਕਨੇਡਾ ਅਤੇ ਅਮਰੀਕਾ ਦੇ ਪੰਜ ਲੱਖ ਦੇ ਕਰੀਬ ਸਿੱਖ ਆਪਣਾ ਸਾਰਾ ਕੰਮ ਕਾਜ ਛੱਡ ਕੇ ਦੇਖਿਆ ਕਰਦੇ ਹਨ। ਅੱਜ 4 ਜੁਲਾਈ 2014 ਦੇ ਦਿਨ ਉਹ ਇਸ ਫ਼ਾਨੀ ਦੁਨੀਆ ਨੂੰ ਛੱਡ ਕੇ ਚਲੇ ਹਏ ਹਨ। ਉਨ੍ਹਾਂ ਦੇ ਜਾਣ ਨਾਲ ਸਾਰੇ ਪਾਸੇ ਉਦਾਸੀ ਦਾ ਆਲਮ ਛਾ ਗਿਆ ਹੈ। ਉਨ੍ਹਾਂ ਦੇ ਚਲਾਣੇ ‘ਤੇ ਬਹੁਤ ਸਾਰੀਆਂ ਜਮਾਤਾਂ, ਜਥੇਬੰਦੀਆਂ ਤੇ ਸ਼ਖ਼ਸੀਅਤਾਂ ਨੇ ਆਪਣੇ ਦਰਦ ਦਾ ਇਜ਼ਹਾਰ ਕੀਤਾ ਹੈ। ਸਿੱਖ ਵਿਦਵਾਨ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਉਹ ਇਕ ਬੇਬਾਕ, ਸੂਝਵਾਨ, ਦਲੇਰ ਅਤੇ ਸਪਸ਼ਟ ਸ਼ਖ਼ਸ ਸਨ। ਉਨ੍ਹਾਂ ਨੇ ਨਵੀਂ ਸਿੰਘ ਸਭਾ ਲਹਿਰ ਵਿਚ ਉਨ੍ਹਾਂ ਦਾ ਰੋਲ ਕਮਾਲ ਦਾ ਸੀ ਅਤੇ ਸ਼ਾਇਦ ਇਹ ਘਾਟਾ ਬਹੁਤ ਸਮਾਂ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਨੇ ਕਨੇਡਾ ਤੇ ਅਮਰੀਕਾ ਵਿਚ ਗੁਰੂ ਨਾਨਕ ਸਾਹਿਬ ਦੀ ਨਿਰਾਲੀ ਸਿੱਖੀ ਦਾ ਸੁਚੱਜੇ ਅਤੇ ਕਾਮਯਾਬ ਤਰੀਕੇ ਨਾਲ ਪਰਚਾਰ ਵੀ ਕੀਤਾ ਅਤੇ ਮਨਮਤਿ ਅਤੇ ਬ੍ਰਾਹਮਣੀ ਸਾਜ਼ਸ਼ਾਂ ਨੂੰ ਪੁਰਜ਼ੋਰ ਤਰੀਕੇ ਨਾਲ ਨੱਥ ਵੀ ਪਾਈ। ਸਿੱਖ ਵਿਦਵਾਨ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਸਿੱਖ ਤਵਾਰੀਖ਼ ਵਿਚ ਸਦਾ ਪਿਆਰ ਤੇ ਅਦਬ ਨਾਲ ਲਿਆ ਜਾਂਦਾ ਰਹੇਗਾ। ਸਿੱਖ ਵਿਰਸਾ ਦੇ ਹਰਚਰਨ ਸਿੰਘ ਪਰਹਾਰ ਕੈਲਗਰੀ ਨੇ ਉਨ੍ਹਾਂ ਦੇ ਚਲੇ ਜਾਣ ਨੂੰ ਕੌਮ ਵਾਸਤੇ ਬਹੁਤ ਘਾਟੇਵੰਦਾ ਕਿਹਾ ਹੈ; ਉਨ੍ਹਾਂ ਕਿਹਾ ਕਿ ਅਜਿਹੀਆਂ ਹਸਤੀਆਂ ਕੌਮ ਨੂੰ ਵਾਰ ਵਾਰ ਨਹੀਨ ਮਿਲਦੀਆਂ। ਗੁਰਮਤਿ ਟਕਸਾਲ ਦੇ ਕਨਵੀਨਰ ਕੁਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਜਾਣ ਨਾਲ ਇਕ ਚੈਪਟਰ ਬੰਦ ਹੋ ਗਿਆ ਹੈ; ਪਰ ਉਹ ਜੋ ਕੁਝ ਕਰ ਗਏ ਹਨ ਉਸ ਦਾ ਲਾਭ ਕੌਮ ਕਈ ਦਹਾਕਿਆਂ ਤਕ ਲੈਂਦੀ ਰਹੇਗੀ। ਮਸ਼ਹੂਰ ਸਿੱਖ ਪਰਚਾਰਕ ਜੋਗਿੰਦਰ ਸਿੰਘ ਲੁਧਿਆਣਾ, ਜੋ ਕਨੇਡਾ ਤੇ ਨਾਰਵੇ ਵਿਚ ਸਿੱਖੀ ਪਰਚਾਰ ਵਿਚ ਅਹਿਮ ਰੋਲ ਅਦਾ ਕਰਦੇ ਰਹੇ ਹਨ, ਨੇ ਕਿਹਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਵਿਚਾਰਾਂ ਦੀ ਬਾਰੀਕਬੀਨੀ, ਸਿੱਖ ਮਸਲਿਆਂ ਨੂੰ ਨਿਰਖਣ ਪਰਖਣ ਦੀ ਬਿਬੇਕ, ਸਪਸ਼ਟਤਾ ਅਤੇ ਜੁਰਅਤ ਬਹੁਤ ਘਟ ਲੋਕਾਂ ਵਿਚ ਹੁੰਦੀ ਹੈ।