ਫਤਿਹਗੜ੍ਹ ਸਾਹਿਬ – ਜ਼ਿਲ੍ਹੇ ਦੀ ਤਹਿਸੀਲ ਅਮਲੋਹ ਦੇ ਪਿੰਡ ਰਤਨਪਾਲੋਂ ਦੇ ਜਰਨੈਲ ਸਿੰਘ ਪੁੱਤਰ ਗੁਰਦਾਸ ਸਿੰਘ ਨੇ ਪੁਲਿਸ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਥਾਣਾ ਅਮਲੋਹ ਵਿੱਚ 12 ਮਈ ਦਿੱਤੀ ਗਈ ਦਰਖਾਸਤ ਵਿੱਚ ਪਿੰਡ ਦੇ ਹੀ ਮੇਵਾ ਸਿੰਘ, ਸਨੀ, ਕਾਲਾ, ਜੌਂਟੀ ਅਤੇ ਗੁਰਦਿਆਲ ਸਿੰਘ ਵਗੈਰਾ ਖਿਲਾਫ਼ ਜਾਤੀ ਸੂਚਕ ਅਪਸ਼ਬਦ ਬੋਲਣ, ਸ਼ਰੇਆਮ ਖਿੱਚਧੂਹ ਦੌਰਾਨ ਪੱਗ ਲਾਹੁਣ, ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ, ਪਰ ਇਸ ਸਬੰਧੀ ਕਥਿਤ ਦੋਸ਼ੀਆਂ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਨਾ ਕਰਨ ’ਤੇ ਪਿੰਡ ਦੇ ਵਸਨੀਕਾਂ ਨੇ ਭਾਰੀ ਰੋਸ ਜਾਹਿਰ ਕੀਤਾ ਹੈ। ਦੂਸਰੇ ਪਾਸੇ ਦੂਸਰੀ ਧਿਰ ਨੇ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਕਰਨ ਅਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪਿੰਡ ਰਨਤਪਾਲੋਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਮੈਂਬਰ ਅਮ੍ਰਿੰਤਧਾਰੀ ਸਿੰਘ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ 12 ਮਈ 2014 ਨੂੰ ਪਿੰਡ ਦੇ ਉਕਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਸਮੇਂ ਮੇਵਾ ਸਿੰਘ ਵਗੈਰਾ ਵੀ ਹਾਜਰ ਸਨ। ਜ਼ਮੀਨ ਦੀ ਬੋਲੀ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ’ਤੇ ਜਾਨ ਲੇਵਾ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਨ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਰਦਿਆਲ ਸਿੰਘ ਨੇ ਮੇਰੇ ਖੁਰਚਨਾ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਕਤ ਵਿਅਕਤੀਆਂ ਨੇ ਉਸ ਦੀ ਪੱਗ ਵੀ ਲਾਹ ਦਿੱਤੀ ਅਤੇ ਉਸ ਦਾ ਮੋਬਾਇਲ ਖੋਹ ਲਿਆ, ਉਸ ਵਿੱਚੋਂ ਮੈਮਰੀ ਕਾਰਡ ਕੱਢ ਕੇ ਮੋਬਾਇਲ ਤੋੜ ਦਿੱਤਾ। ਇਸ ਮੌਕੇ ’ਤੇ ਗਾਲੀ ਗਲੋਚ ਦੌਰਾਨ ਮੇਵਾ ਸਿੰਘ ਨੇ ਉਸ ਖਿਲਾਫ਼ ਜਾਤੀ ਅਪਸ਼ਬਦ ਕਹੇ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ। ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਿੱਚ ਉਹਨਾਂ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ ਨੂੰ ਵੀ ਲਿਖਤੀ ਬੇਨਤੀ ਕਰ ਚੁੱਕੇ ਹਾਂ, ਪਰ ਕੋਈ ਕਾਰਵਾਈ ਨਹੀਂ ਹੋਈ। ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਉਸ ਨੂੰ ਇਨਸਾਫ਼ ਨਾ ਦਿਵਾਇਆ ਤੋਂ ਉਹ ਡੀ. ਸੀ ਦਫਤਰ ਫਤਿਹਗੜ੍ਹ ਸਾਹਿਬ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠ ਜਾਣਗੇ।
ਪਿੰਡ ਦੇ ਹੀ ਭਜਨ ਸਿੰਘ ਪੁੱਤਰ ਹਰੀ ਸਿੰਘ, ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਸੀਤਲ ਸਿੰਘ ਪੁੱਤਰ ਨਰੰਜਨ ਸਿੰਘ ਅਤੇ ਸਰਦਾਰਾ ਸਿੰਘ ਪੁੱਤਰ ਸੰਤਾ ਸਿੰਘ ਨੇ ਵੀ ਪੁਲਿਸ ਨੂੰ ਦਿੱਤੇ ਆਪਣੇ ਹਲਫੀਆਂ ਬਿਆਨਾਂ ਵਿੱਚ ਉਕਤ ਘਟਨਾ ਦੀ ਸ਼ਾਹਦੀ ਭਰਦਿਆਂ ਕਿਹਾ ਕਿ ਮੇਵਾ ਸਿੰਘ ਵਗੈਰਾ ਨੇ ਜਰਨੈਲ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸਦੀ ਜਾਤੀ ਪ੍ਰਤੀ ਉਸਨੂੰ ਅਪਸ਼ਬਦ ਬੋਲੇ ਹਨ। ਜਦੋਂ ਇਸ ਸਬੰਧੀ ਮੇਵਾ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਇਸ ਸਬੰਧ ਵਿੱਚ ਜਦੋਂ ਪੱਤਰਕਾਰਾਂ ਵੱਲੋਂ ਡੀ. ਐਸ. ਪੀ. ਅਮਲੋਹ ਨਾਲ ਗੱਲ ਕਰਨ ਚਾਹੀ ਤਾਂ ਉਹਨਾਂ ਉਕਤ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਲ੍ਹੇ ਦੇ ਹੋਰ ਪੁਲਿਸ ਅਧਿਕਾਰੀ ਵੀ ਇਸ ਮਾਮਲੇ ਤੋਂ ਆਨਾਕਾਨੀ ਕਰਦੇ ਰਹੇ। ਇਸ ਮੌਕੇ ’ਤੇ ਪਰਮਜੀਤ ਕੌਰ, ਹਰਪ੍ਰੀਤ ਕੌਰ, ਮਨਜੀਤ ਕੌਰ, ਊਸ਼ਾ ਰਾਣੀ, ਜਸਵਿੰਦਰ ਕੌਰ, ਮਾਇਆ, ਜਸਵੀਰ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ, ਜਤਿੰਦਰ ਸਿੰਘ, ਮੋਹਨ ਸਿੰਘ, ਹਰਭਜਨ ਸਿੰਘ ਦੂਲਵਾਂ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਸਾਧੂ ਸਿੰਘ ਲੰਬਰਦਾਰ, ਭਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਵੀ ਹਾਜਰ ਸਨ।
ਜਾਤੀ ਸੂਚਕ ਅਪਸ਼ਬਦ ਬੋਲਣ ਵਾਲਿਆਂ ਖਿਲਾਫ਼ ਨਹੀਂ ਹੋਈ ਕਾਰਵਾਈ
This entry was posted in ਪੰਜਾਬ.