ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅਧਿਆਪਕਾਂ ਦੀ ਪੈਨਸ਼ਨਰਜ਼ਾਂ ਦੀ ਜਥੇਬੰਦੀ ਅਤੇ ਪੀ.ਏ.ਯੂ. ਅਲੂਮਨੀ ਜਥੇਬੰਦੀ, ਲੁਧਿਆਣਾ ਇਕਾਈ ਵੱਲੋਂ ਉਭਰ ਰਹੀ ਕਵਿੱਤਰੀ ਕੁਮਾਰੀ ਇੰਦਰਜੀਤ ਨੰਦਨ ਨੂੰ ਅੱਜ ਸਨਮਾਨਤ ਕੀਤਾ ਗਿਆ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਕੁਮਾਰੀ ਨੰਦਨ ਵੱਲੋਂ ਔਕੜਾਂ ਦੇ ਬਾਵਜੂਦ ਵੀ ਆਪਣੇ ਲੇਖਨ ਦੀ ਪ੍ਰਤਿਭਾ ਨੂੰ ਹਮੇਸ਼ਾਂ ਬੁਲੰਦੀ ਤੇ ਪਹੁੰਚਾਇਆ । ਉਹਨਾਂ ਵੱਲੋਂ ਲਿਖੀਆਂ ਪੰਜ ਕਿਤਾਬਾਂ ਸਾਹਿਤਕਾਰਾਂ ਵੱਲੋਂ ਭਰਪੂਰ ਸਲਾਹੀਆਂ ਗਈਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰੋਫੈਸਰ ਹਜ਼ਾਰਾ ਸਿੰਘ, ਡਾ ਜੇ.ਐਸ. ਜਵੰਦਾ, ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਵੀ ਹਾਜ਼ਰ ਸਨ । ਜਥੇਬੰਦੀ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਔਰਤ ਸ਼ਸ਼ਕਤੀਕਰਨ ਦੀ ਮਿਸਾਲ ਹੈ ਕੁਮਾਰੀ ਨੰਦਨ । ਉਹਨਾਂ ਦੱਸਿਆ ਕਿ ਕੁਮਾਰੀ ਨੰਦਨ ਨੂੰ ਸਾਲ 2014 ਦਾ ਪੰਜਾਬੀ ਸਾਹਿਤ ਅਕਾਦਮੀ ਅਵਾਰਡ, 2012 ਵਿੱਚ ਮਦਰ ਟੈਰਿਸਾ ਅਵਾਰਡ, ਸਾਲ 2013 ਸਵਾਮੀ ਵਿਵੇਕਾਨੰਦ ਅਵਾਰਡ ਆਦਿ ਨਾਲ ਪਹਿਲਾ ਸਨਮਾਨ ਕੀਤਾ ਜਾ ਚੁੱਕਾ ਹੈ । ਉਹਨਾਂ ਵੱਲੋਂ ਚਲਾਏ ਜਾ ਰਹੇ ਸਵੈ ਸਹਾਇਤਾ ਸਮੂਹ ਆਪਣਾ ਰਾਹੀਂ ਰਸਾਇਣਾਂ ਤੋਂ ਮੁਕਤ ਪਦਾਰਥ ਤਿਆਰ ਕੀਤੇ ਜਾਂਦੇ ਹਨ ।
ਡਾ. ਢਿੱਲੋਂ ਨੇ ਕੁਮਾਰੀ ਨੰਦਨ ਦੇ ਹੌਂਸਲੇ ਅਤੇ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਆਸ ਜਤਾਈ ਕਿ ਭਵਿੱਖ ਵਿੱਚ ਵੀ ਉਹ ਪੰਜਾਬੀ ਸਾਹਿਤ ਨੂੰ ਸਮਰਪਿਤ ਰਹਿਣਗੇ । ਇਸ ਮੌਕੇ ਡਾ.ਢਿੱਲੋਂ ਨੇ ਪਿਛਲੇ ਸਮੇਂ ਦੌਰਾਨ ਪਸਾਰ, ਸਿੱਖਿਆ ਅਤੇ ਖੋਜ ਦੇ ਵਿੱਚ ਯੂਨੀਵਰਸਿਟੀ ਵੱਲੋਂ ਕੀਤੇ ਨਵੇਕਲੇ ਉਪਰਾਲਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਜਥੇਬੰਦੀ ਦੇ ਸਕੱਤਰ ਸ. ਲਖਵੀਰ ਸਿੰਘ ਬਰਾੜ ਨੇ ਕਹੇ ਅਤੇ ਧੰਨਵਾਦ ਦੇ ਸ਼ਬਦ ਡਾ. ਜੌਹਲ ਨੇ ਕਹੇ ।
ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਉਭਰਦੀ ਕਵਿੱਤਰੀ ਦਾ ਸਨਮਾਨ
This entry was posted in ਖੇਤੀਬਾੜੀ.