ਨਵੀਂ ਦਿੱਲੀ – ਸੰਸਦ ਵਿੱਚ ਰੇਲ ਬਜਟ ਪੇਸ਼ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਅਤੇ ਬੀਜੇਪੀ ਵਿੱਚ ਸ਼ਰਮਨਾਕ ਝੜਪ ਹੋਈ। ਮਹਿੰਗਾਈ ਅਤੇ ਰੇਲ ਬਜਟ ਦੇ ਮੁੱਦੇ ਤੇ ਹੋਏ ਹੰਗਾਮੇ ਵਿੱਚ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰ ਸ਼ਰਮਨਾਕ ਢੰਗ ਨਾਲ ਆਪਸ ਵਿੱਚ ਭਿੜ ਗਏ। ਦੋਵਾਂ ਧਿਰਾਂ ਵੱਲੋਂ ਇੱਕ-ਦੂਸਰੇ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਮਾਰਨ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਨੌਬਤ ਹੱਥੋਪਾਈ ਤੱਕ ਵੀ ਪਹੁੰਚ ਗਈ। ਮਾਰਸ਼ਲਸ ਨੂੰ ਬੁਲਾ ਕੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਬਾਹਰ ਕੀਤਾ ਗਿਆ।
ਰੇਲਮੰਤਰੀ ਸਦਾਨੰਦ ਗੌੜਾ ਵੱਲੋਂ ਰੇਲ ਬਜਟ ਪੇਸ਼ ਕਰਨ ਤੋਂ ਬਾਅਦ ਮਹਿੰਗਾਈ ਦੇ ਮੁੱਦੇ ਤੇ ਬਹਿਸ ਹੋ ਰਹੀ ਸੀ। ਇਸੇ ਦੌਰਾਨ ਕਥਿਤ ਤੌਰ ਤੇ ‘ਨਰੇਂਦਰ ਮੋਦੀ ਚੋਰ ਹੈ’ ਦੇ ਨਾਅਰੇ ਲਗੇ ਤਾਂ ਤ੍ਰਿਣਮੂਲ ਕਾਂਗਰਸ ਅਤੇ ਬੀਜੇਪੀ ਦੇ ਸੰਸਦ ਮੈਂਬਰ ਆਪਸ ਵਿੱਚ ੳਲਝ ਗਏ। ਤ੍ਰਿਣਮੂਲ ਦੀ ਮਹਿਲਾ ਸੰਸਦ ਮੈਂਬਰ ਅਨੁਸਾਰ ਘੋਸੀ ਤੋਂ ਸੰਸਦ ਮੈਂਬਰ ਹਰੀ ਨਰਾਇਣ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਟੀਐਮਸੀ ਦੀ ਸਾਂਸਦ ਕਾਕੋਲੀ ਘੋਸ਼ ਨੇ ਇਸ ਸਬੰਧੀ ਕਿਹਾ ਕਿ ਅਸੀਂ ਰੇਲ ਬਜਟ ਦੇ ਵਿਰੋਧ ਵਿੱਚ ਸ਼ਾਂਤੀ ਨਾਲ ਨਾਅਰੇ ਲਗਾ ਰਹੇ ਸੀ ਤਾਂ ਬੀਜੇਪੀ ਦਾ ਇੱਕ ਸਾਂਸਦ ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਆਪਣੇ ਪੰਜ-ਛੇ ਸਾਥੀਆਂ ਸਮੇਤ ਹਮਲਾ ਕਰਨ ਲਈ ਅੱਗੇ ਆਏ। ਉਨ੍ਹਾਂ ਨੇ ਗੰਦੀਆਂ ਗਾਲ੍ਹਾਂ ਵੀ ਕੱਢੀਆਂ। ਤ੍ਰਿਣਮੂਲ ਦੀ ਦੂਸਰੀ ਸਾਂਸਦ ਸ਼ਤਾਬਦੀ ਰਾਏ ਨੇ ਵੀ ਕਿਹਾ ਕਿ ਬੀਜੇਪੀ ਦੇ ਜਿਹੜੇ ਸੰਸਦ ਮੈਂਬਰਾਂ ਨੇ ਹਮਲਾ ਕੀਤਾ, ਉਨ੍ਹਾਂ ਸਬੰਧੀ ਸ਼ੱਕ ਹੈ ਕਿ ਉਹ ਨਸ਼ੇ ਵਿੱਚ ਸਨ।