ਚੰਡੀਗੜ੍ਹ – “ਭਾਜਪਾ ਦੀ ਮੁਤੱਸਵੀ ਤੇ ਫਿਰਕੂ ਜਮਾਤ ਨੇ ਪਹਿਲਾ ਵੱਡੇ-ਵੱਡੇ ਧਨਾਢ, ਅਰਬਪਤੀਆਂ ਅਤੇ ਦੋ ਨੰਬਰ ਦੇ ਕਮਾਏ ਧਨ ਦੀ ਖੂਬ ਦੁਰਵਰਤੋਂ ਕਰਕੇ ਮੀਡੀਏ, ਬਿਜਲੀ ਮੀਡੀਏ ਦੀ ਖਰੀਦੋ-ਫਰੋਖਤ ਕਰਕੇ ਸਤ੍ਹਾ ਉਤੇ ਕਾਬਜ ਹੋਈ ਅਤੇ ਹੁਣ ਅੰਮਿਤ ਸ਼ਾਹ ਵਰਗੇ ਘੱਟ ਗਿਣਤੀ ਕੌਮਾਂ ਦੇ ਕਾਤਲ ਨੂੰ ਪਾਰਟੀ ਪ੍ਰਧਾਨ ਥਾਪ ਕੇ ਸਾਬਤ ਕਰ ਦਿੱਤਾ ਹੈ ਕਿ “ਮੋਦੀ ਅਤੇ ਸ਼ਾਹ” ਆਉਣ ਵਾਲੇ ਸਮੇਂ ਵਿਚ ਆਪਣੀ ਫਿਰਕੂ ਸੋਚ ਉਤੇ ਅਮਲ ਕਰਕੇ ਘੱਟ ਗਿਣਤੀ ਕੌਮਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਕਰਨਗੇ । ਜਿਸ ਤੋਂ ਘੱਟ ਗਿਣਤੀ ਕੌਮਾਂ ਨੂੰ ਅੱਜ ਤੋਂ ਹੀ ਸੁਚੇਤ ਰਹਿਕੇ ਇਕ ਪਲੇਟਫਾਰਮ ‘ਤੇ ਇਕੱਤਰ ਹੁੰਦੇ ਹੋਏ ਇਸ ਮੋਦੀ ਦੀ ਫਿਰਕੂ ਸਰਕਾਰ ਅਤੇ ਭਾਜਪਾ ਜਮਾਤ ਦੇ ਮਨੁੱਖਤਾ ਅਤੇ ਸਮਾਜ ਵਿਰੋਧੀ ਅਮਲਾਂ ਨੂੰ ਮਜ਼ਬੂਤੀ ਨਾਲ ਚੁਣੋਤੀ ਦੇਣੀ ਪਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ ਵੱਲੋਂ ਮਨੁੱਖਤਾ ਦੇ ਕਾਤਲਾਂ ਨੂੰ ਵਜ਼ੀਰ-ਏ-ਆਜ਼ਮ ਅਤੇ ਪਾਰਟੀ ਦੇ ਪ੍ਰਧਾਨ ਥਾਪਨ ਦੇ ਫੈਸਲਿਆ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 2002 ਵਿਚ ਗੁਜਰਾਤ ਵਿਚ ਜਦੋਂ ਸ੍ਰੀ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਬਹੁਤ ਬੇਰਹਿੰਮੀ ਨਾਲ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਸੀ । ਜਦੋਂ ਸ੍ਰੀ ਬਾਬਰੀ ਮਸਜਿ਼ਦ ਨੂੰ ਢਹਿ-ਢੇਰੀ ਕਰਨ ਦੀ ਹਿੰਦੂਤਵ ਸਾਜਿ਼ਸ ਰਚੀ ਗਈ, ਇਹ ਦੋਵੇ ਮੋਦੀ ਅਤੇ ਸ਼ਾਹ ਉਸ ਸਮੇਂ ਵੀ ਮੋਹਰੀਆਂ ਵਿਚ ਸਨ । ਜਦੋਂ ਦੱਖਣੀ ਸੂਬਿਆਂ ਵਿਚ 2000 ਵਿਚ ਇਸਾਈਆ ਦਾ ਕਤਲੇਆਮ ਕੀਤਾ ਗਿਆ, ਉਹਨਾਂ ਦੀਆਂ ਨਨਜ਼ਾ ਨਾਲ ਜ਼ਬਰ-ਜ਼ਹਾਨ ਹੋਏ, ਗਿਰਜੇ ਘਰਾਂ ਨੂੰ ਅੱਗਾਂ ਲਗਵਾਈਆ ਗਈਆਂ ਤਾਂ ਅਜਿਹੇ ਆਗੂ ਹੀ ਅਜਿਹੀਆਂ ਸਮਾਜ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਵਾਲਿਆਂ ਵਿਚੋਂ ਸਨ । ਫਿਰ ਗੁਜਰਾਤ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਗੈਰ ਕਾਨੂੰਨੀ ਤਰੀਕੇ ਉਜਾੜਨ ਵਾਲੇ ਵੀ ਮੋਦੀ ਹੀ ਹਨ । ਅੰਮਿਤ ਸ਼ਾਹ ਇਕ ਮੁਸਲਿਮ ਬੀਬੀ ਅਤੇ ਹੋਰ ਤਿੰਨ ਮੁਸਲਿਮ ਨੌਜ਼ਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਖ਼ਤਮ ਕਰਨ ਦਾ ਦੋਸ਼ੀ ਹੈ । ਦੋਵੇ ਮੋਦੀ ਅਤੇ ਸ਼ਾਹ ਆਰ.ਐਸ.ਐਸ. ਵਰਗੀ ਹਿੰਦੂਤਵ ਜਮਾਤ ਦੀ ਪੈਦਾਇਸ਼ ਹਨ । ਇਸ ਲਈ ਆਉਣ ਵਾਲੇ ਸਮੇਂ ਵਿਚ ਹਿੰਦ ਦੇ ਕਿਹੋ ਜਿਹੇ ਹਾਲਾਤ ਹੋਣਗੇ ਅਤੇ ਘੱਟ ਗਿਣਤੀ ਕੌਮਾਂ ਦੀ ਸਥਿਤੀ ਕੀ ਹੋਵੇਗੀ, ਉਸਦੀ ਤਸਵੀਰ ਹੋਲੀ-ਹੋਲੀ ਸਾਹਮਣੇ ਆ ਰਹੀ ਹੈ । ਜੋ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਆਗੂਆਂ ਤੇ ਅਵਾਮ ਲਈ ਖ਼ਤਰੇ ਦੀ ਘੰਟੀ ਹੈ । ਉਹਨਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਦੇ ਹੋਣ ਵਾਲੇ ਜਾਨੀ, ਮਾਲੀ ਨੁਕਸਾਨ ਦੀ ਰੋਕਥਾਮ ਲਈ ਜਿੰਨੀ ਜਲਦੀ ਹੋ ਸਕੇ ਘੱਟ ਗਿਣਤੀ ਕੌਮਾਂ ਨੂੰ ਆਪਸੀ ਵਿਚਾਰ ਵਟਾਂਦਰਾ ਕਰਕੇ ਇਕ ਅਜਿਹਾ ਸਾਂਝਾ ਪਲੇਟਫਾਰਮ ਤਿਆਰ ਕਰਨਾ ਪਵੇਗਾ ਕਿ ਜਦੋ ਵੀ ਫਿਰਕੂ ਵਜ਼ੀਰ-ਏ-ਆਜ਼ਮ ਅਤੇ ਫਿਰਕੂ ਬੀਜੇਪੀ ਦੇ ਪ੍ਰਧਾਨ ਤੇ ਇਹ ਫਿਰਕੂ ਜਮਾਤਾਂ ਆਪਣਾ ਹਿੰਦੂਤਵ ਏਜੰਡਾ ਲਾਗੂ ਕਰਨ ਲਈ ਅਮਲ ਕਰਨ ਤਾਂ ਸਮੁੱਚੀਆਂ ਘੱਟ ਗਿਣਤੀ ਕੌਮਾਂ ਉਹਨਾਂ ਦੇ ਆਗੂ ਇਸ ਚੁਣੋਤੀ ਨੂੰ ਪ੍ਰਵਾਨ ਕਰਕੇ ਜੂਝਣ । ਤਦ ਹੀ ਹਿੰਦੂਤਵ ਦੇ “ਅਜਗਰ” ਅਤੇ “ਕੋਬਰਾ” ਤੋਂ ਘੱਟ ਗਿਣਤੀ ਕੌਮਾਂ ਬਚ ਸਕਣਗੀਆਂ । ਵਰਨਾ ਆਰ.ਐਸ.ਐਸ. ਤੇ ਬੀਜੇਪੀ ਦੀਆਂ ਸਾਜਿ਼ਸਾਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਵਿਚ ਜਜਬ ਕਰਨ ਅਤੇ ਨਿਗਲਣ ਦੀ ਤਾਕ ਵਿਚ ਬੈਠੀਆਂ ਹਨ । ਕਿਸੇ ਸਮੇਂ ਵੀ 1984, 2000 ਅਤੇ 2002 ਵਾਲੇ ਵਿਸਫੋਟਕ ਹਾਲਾਤ ਬਣ ਸਕਦੇ ਹਨ ।