ਲੁਧਿਆਣਾ : ਪ੍ਰਸਿੱਧ ਪੰਜਾਬੀ ਲੇਖਕ ਸ੍ਰੀ ਸ਼ਿਵ ਨਾਥ ਗੰਭੀਰ ਹਿਰਦੇ ਰੋਗ ਕਾਰਨ ਚੰਡੀਗੜ੍ਹ ਵਿਖੇ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਾਸਾਰ ਲਈ ਲਗਾਈ। ਉਨ੍ਹਾਂ ਨੇ ਪੰਜਾਬੀ ਕਵਿਤਾ, ਕਹਾਣੀ, ਜੀਵਨੀ, ਰੇਖਾਚਿੱਤਰ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਦੇ ਸ਼੍ਰੋਮਣੀ ਕਵੀ ਵਜੋਂ ਸਨਮਾਨੇ ਜਾ ਚੁੱਕੇ ਹਨ। ਉਨ੍ਹਾਂ ਦੇ ਘਰੇਲੂ ਆਰਥਿਕ ਹਾਲਤ ਦੇਖਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਲੋਕ ਸ਼ਾਇਰ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਿੰਦਰ ਰਾਮਪੁਰੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਪਰਗਟ ਸਿੰਘ ਗਰੇਵਾਲ ਆਦਿ ਨੇ ਸ੍ਰੀ ਸ਼ਿਵ ਨਾਥ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਸਮੂਹ ਪੰਜਾਬੀ ਪਿਆਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਸ਼ਿਵ ਨਾਥ ਦੇ ਇਲਾਜ ਲਈ ਵੱਧ ਤੋਂ ਵੱਧ ਆਰਥਿਕ ਸਹਾਇਤਾ ਕਰਨ।