ਜਸਵੰਤ ਸਿੰਘ ਕੰਵਲ ਪੰਜਾਬੀ ਨਾਵਲ ਦਾ ਭੀਸ਼ਮ ਪਿਤਾਮਾ ਹੈ । ਪੰਜਾਬੀ ਦਾ ਸ਼ਾਇਦ ਹੀ ਕੋਈ ਲੇਖਕ ਹੋਵੇਗਾ ਜਿਸਨੇ ਉਸਦਾ ਕੋਈ ਨਾ ਕੋਈ ਨਾਵਲ ਨਾ ਪੜ੍ਹਿਆ ਹੋਵੇ । ਮੈਨੂੰ ਸਾਹਿਤ ਪੜ੍ਹਣ ਦੀ ਚੇਟਕ ਹੀ ਕੰਵਲ ਦੇ ਨਾਵਲਾਂ ਨੇ ਲਾਈ । ਇੱਕ ਤਾਂ ਸਾਡੀ ਮਲਵਈ ਬੋਲੀ ਮਿਲਦੀ ਸੀ, ਦੂਜਾ ਕੰਵਲ ਆਪਣੇ ਨਵਲਾਂ ਵਿੱਚ ਪੇਂਡੂ ਤੇ ਕਿਸਾਨੀ ਦਾ ਮਹੌਲ ਚਿਤਰਦਾ ਸੀ।ਮੈਂ ਵੀ ਪਿੰਡ ‘ਚ ਜੰਮਿਆ ਪਲਿਆ ਹੋਣ ਕਰਕੇ ਉਸਦੇ ਨਾਵਲ ਪੜ੍ਹਦਿਆਂ ਆਪਣੇ ਘਰ,ਖੇਤਾਂ ਰਾਹਵਾਂ ਵਿੱਚੋਂ ਉਸਦੇ ਪਾਤਰ ਵੇਖਦਾ ਸੀ। ਕੰਵਲ ਦੇ ਸ਼ਾਹਕਾਰ ਨਾਵਲ ਪੂਰਨਮਾਸ਼ੀ ਦੀ ਨਾਇਕਾ ਚੰਨੋ ਮੈਂ ਆਪਣੇ ਖੇਤਾਂ ਵਿੱਚ ਕਪਾਹ ਚੁਗਦੀ ਵੇਖੀ ਸੀ। ਉਸਦੇ ਨਾਵਲਾਂ ਦੇ ਹਾਲੀ ਪਾਤਰਾਂ ਨੂੰ ਮੈਂ ਬਚਪਨ ਵਿੱਚ ਸਾਡੇ ਖੇਤਾਂ ਵਿੱਚ ਹਲ ਵਾਹੁੰਦਿਆਂ, ਵਿੰਗੇ ਹੋਏ ਸਿਆੜ ਤੋਂ ਹੇਠਲੇ ਬਲਦ ਦੇ ਪ੍ਰਾਣੀ ਮਾਰਕੇ, “ਬੱਗਿਆ ਪੁੱਤਰਾ ਤੇਰੀ ਸੁਰਤ ਕਿੱਥੇ ਹੈ?” ਕਹਿੰਦੇ ਸੁਣਿਆ ਸੀ। ਅੱਲੜ ਉਮਰੇ ਮੈ ਬਤੌਰ ਪਾਠਕ ,ਪ੍ਰਸੰਸਕ ਜਦੋਂ ਕਦੀ ਉਸਨੂੰ ਖਤ ਲਿਖਿਆ ਤਾਂ ਉਸਨੇ ਮੋਹ ਭਿੱਜਾ ਜਵਾਬ ਦਿੱਤਾ।ਕੰਵਲ ਸਾਹਬ ਦੀ ਖੂਬੀ ਹੈ ਕਿ ਉਹ ਆਪਣੇ ਪਾਠਕਾਂ ਦੇ ਹਰ ਖਤ ਦਾ ਜਵਾਬ ਦਿੰਦੇ ਹਨ। ਮੈਨੂੰ ਵੀ ਲੇਖਕ ਬਨਣ ਦਾ ਸ਼ੌਕ ਜਾਗਿਆ। ਪਰ ਇਸ ਪਾਸੇ ਕੋਈ ਸੰਪਰਕ ਨਾਂ ਹੋਣ ਤੇ ਮੈਨੂੰ ਕੋਈ ਜਾਣਦਾ ਨਹੀਂ ਸੀ। ਪੰਜਾਬ ਵਿੱਚ ਅੱਤਵਾਦ ਦਾ ਸਿਖਰ ਸੀ ਉਸ ਦੌਰ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਚੰਗੀ ਚੜ੍ਹਾਈ ਹੋਣ ਕਾਰਣ ਉਹ ਗਾਹੇ ਬਗਾਹੇ ਪੰਜਾਬ ਬੰਦ ਦਾ ਸੱਦਾ ਦੇ ਦਿੰਦੇ।ਬੰਦ ਦੌਰਾਨ ਪਿੰਡਾਂ ਤੋਂ ਸ਼ਹਿਰ ਦੁੱਧ ਪਾਉਣ ਆਉਂਦੇ ਕਈ ਦੋਧੀ ਅਤੇ ਅਖਬਾਰ ਵੇਚਣ ਵਾਲੇ ਗਰੀਬ ਹਾਕਰ ਅੱਤਵਾਦੀਆਂ ਨੇ ਮਾਰ ਦਿੱਤੇ ਸਨ। ਬਹਾਨਾ ਇਹ ਹੁੰਦਾ ਕਿ ਇਨ੍ਹਾਂ ਨੇ ਬੰਦ ਦੌਰਾਨ ਬਾਹਰ ਸੜਕਾਂ ਤੇ ਨਿੱਕਲਕੇ ਸਿੰਘਾਂ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਬਾਹਰ ਕਰਫਿਊ ਵਰਗੀ ਹਾਲਤ ਹੁੰਦੀ। ਲੋਕ ਡਰਦੇ ਘਰਾਂ ਤੋਂ ਨਾ ਨਿੱਕਲਦੇ। ਲੋਕਾਂ ਦੀ ਜਿੰਦਗੀ ਦੁੱਭਰ ਹੋ ਜਾਂਦੀ। ਓਦੋਂ ਮੈਂ ਮੋਹਾਲੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਤਿੰਨ ਛੁੱਟੀਆਂ ਇਕੱਠੀਆਂ ਆ ਗਈਆਂ ।ਓਦੋਂ ਹੀ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ।ਸਰਕਾਰ ਨੇ ਵੀ ਚੌਕਸੀ ਵਜੋਂ ਪੰਜਾਬ ਵਿੱਚ ਕਈ ਥਾਂ ਕਰਫਿਊ ਲਗਾ ਦਿੱਤਾ। ਖਾੜਕੂ ਜਥੇਬੰਦੀਆਂ ਅਤੇ ਮਾਨ ਨੇ ਲੰਮੇਂ ਬੰਦ ਦਾ ਸੱਦਾ ਦੇ ਦਿੱਤਾ। ਇੰਜ ਪੂਰਾ ਹਫਤਾ ਲੋਕ ਘਰਾਂ ਤੋਂ ਬਾਹਰ ਨਾ ਨਿੱਕਲ ਸਕੇ। ਪੂਰਾ ਹਫਤਾ ਘਰ ਵਿੱਚ ਕੈਦ ਬੈਠਿਆਂ ਮੈਂ ਨਾਵਲ ਦਾ ਖਰੜਾ ਤਿਆਰ ਕਰ ਲਿਆ।ਬਾਕੀ ਸੋਧਾਂ ਨਾਲੋਂ ਨਾਲ ਹੁੰਦੀਆਂ ਰਹੀਆਂ। .. ਓਦੋਂ ਨਵੀਂ ਮੁਰਗੀ ਸਮਝਕੇ ਪਬਲਿਸ਼ਰ ਨੇ ਮੈਥੋਂ ਨਕਦ ਚਾਰ ਹਜਾਰ ਰੁਪਿਆ ਲਿਆ ਸੀ।ਮੈਂ ਲੇਖਕ ਬਣਕੇ ਮਸ਼ਹੂਰ ਹੋਣ ਦੇ ਚਾਅ ਵਿੱਚ ਤੁਰੰਤ ਦੇ ਦਿੱਤੇ ਸਨ। ਕੋਲੋਂ ਚੁਆਨੀ ਲਾਏ ਬਗੈਰ ਉਸਨੇ ਮੇਰੇ ਹੀ ਪੈਸਿਆਂ ਦੀਆਂ ਪੰਜ ਕੁ ਸੌ ਕਾਪੀਆਂ ਛਾਪ ਦਿੱਤੀਆਂ। ਮੈਨੂੰ ਬਦਲੇ ਵਿੱਚ ਵੀਹ ਕਾਪੀਆਂ ਮੁਫਤ ਦੇ ਦਿੱਤੀਆਂ। ਇਹ ਪੰਜਾਬ ਦੇ ਸੱਤਰਿਵਿਆਂ ਦੇ ਦੌਰ ਦੇ ਸਮੇਂ ਦੀ ਕਹਾਣੀ ਸੀ। ਨਾਵਲ ਸਿਆਸੀ ਹੋਣ ਕਰਕੇ ਚੱਲ ਨਿੱਕਲਿਆ। ਇਸਦੇ ਰਿਵੀਊ ਪੰਜਾਬੀ ਦੀਆਂ ਅਖਬਾਰਾਂ ਵਿੱਚ ਛਪਣ ਨਾਲ ਚਰਚਾ ਵੀ ਹੋ ਗਈ। ਨਾਵਲ ਗੁਰਸ਼ਰਨ ਭਾਅ ਜੀ ਨੂੰ ਵੀ ਭੇਟ ਕੀਤਾ ਤਾਂ ਉਨ੍ਹਾਂ ਬਰਨਾਲੇ ਨਾਵਲ ਤੇ ਗੋਸ਼ਟੀ ਕਰਵਾ ਦਿੱਤੀ ਅਤੇ ਆਪਣੇ ਕਾਲਮ ਵਿੱਚ ਨਾਵਲ ਬਾਰੇ ਆਪਣੀ ਰਾਏ ਵੀ ਲਿਖ ਦਿੱਤੀ।ਪਿੱਛੋਂ ਇਸਦਾ ਰਿਵੀਉ ਸਰਦਾਰ ਕਿਰਪਾਲ ਸਿੰਘ ਪੰਨੂ ਨੇ ਵੀ ਕੀਤਾ ਜੋ ਲਿਖਾਰੀ ਸਮੇਤ ਕਈ ਪ੍ਰਵਾਸੀ ਪਰਚਿਆਂ ਵਿੱਚ ਵੀ ਛਪਿਆ ਹੈ ਮੁਫਤ ਮਿਲੀਆਂ ਕਾਪੀਆਂ ਮੈਂ ਅਖਬਾਰਾਂ, ਨਾਮੀ ਸਾਹਿਤਕਾਰਾਂ ਅਤੇ ਅਲੋਚਕਾਂ ਨੂੰ ਭੇਟ ਕਰ ਦਿੱਤੀਆਂ । ਕਈਆਂ ਦੇ ਖਤ ਵੀ ਆਏ ਤੇ ਕਈਆਂ ਨੇ ਮੂੰਹ ਹੀ ਸੀਅ ਲਿਆ। ਆਪਣੇ ਪਹਿਲੇ ਨਾਵਲ ਦੀ ਇੱਕ ਕਾਪੀ ਮੈਂˆ ” ਸ਼ਰਧਾ ਅਤੇ ਸਤਿਕਾਰ ਸਾਹਿਤ ਭੇਟ ਕੀਤਾ—ਬੀ ਐੱਸ ਢਿੱਲੋਂ ” ਲਿਖਕੇ ਜਸਵੰਤ ਸਿੰਘ ਕੰਵਲ ਨੂੰ ਵੀ ਭੇਜ ਦਿੱਤੀ। ਲੰਮੀ ਉਡੀਕ ਤੋਂ ਬਾਅਦ 31-10-92 ਨੂੰ ਢੁਡੀਕੇ ਤੋਂ ਕੰਵਲ ਦਾ ਜਾਣੀ ਪਹਿਚਾਣੀ ਸੁੰਦਰ ਲਿਖਾਈ ਵਾਲਾ ਨੀਲਾ ਲਫਾਫਾ ਆਇਆ। ਮੈਂ ਇੱਕੋ ਸਾਹੇ ਪੜ੍ਹਿਆ ਜਿੱਦਾਂ ਕੋਈ ਜਵਾਕ ਮਾਸਟਰ ਵੱਲੋਂ ਪੇਪਰ ਦੇ ਦਿੱਤੇ ਨੰਬਰ ਵੇਖਦਾ ਹੈ।”ਤੁਹਾਡੀ ਰਚਨਾ ਵਾਵਰੋਲੇ ਪੜ੍ਹੀ।ਲੱਗਦਾ ਏ ਵਿਦਿਅਰਥੀ ਜੀਵਨ ਨਾਲ ਸਬੰਧਤ ਯਾਰਾਂ ਦਾ ਬਣਦਾ ਵਿਗੜਦਾ ਜੀਵਨ ਹੀ ਵਰੋਲੇ ਬਣ ਬਣ ਦਮਾਗੀ ਸੰਤਾਪ ਹੰਢਾਉਂਦਾ ਰਿਹਾ ਹੈ। ਤੇ…,ਤੇ…….,ਹਾਂ……..,ਅਤੇ…,ਵਾਹ…,ਇਸ ਸੋਨੇ ਨੂੰ ਨਖਾਰ ਪਾਉਣ ਅਥਵਾ ਕੁੰਦਨ ਬਨਾਉਣ ਦੀ ਲੋੜ ਹੈ।ਪਰ ਸੱਤ ਕਿੱਲੇ ਦੇ ਮਾਲਕ ਜੱਗੇ ਦਾ ਤੁਸਾਂ ਵਿਆਹ ਨਹੀਂ ਵਿਖਾਇਆ।ਜਦੋਂ ਕਿ ਮਾਂ ਇਕੱਲੇ ਪੁੱਤਰ ਨੂੰ ਛੇਤੀ ਵਿਆਹ ਕੇ ਪੋਤਰੇ ਦਾ ਮੂੰਹ ਵੇਖਣ ਨੂੰ ਲੁੱਜਦੀ ਹੈ। ਬੋਲੀ ਤੇ ਸਿੰਬਲੀਆਂ ਠੁੱਕਦਾਰ ਹਨ।” ਇਹ ਖਤ ਮੈਂ ਕਈ ਵਾਰ ਪੜ੍ਹਿਆ। ਗੱਲ ਤਾਂ ਠੀਕ ਹੈ ਸੱਤ ਕਿੱਲਿਆਂ ਵਾਲਾ ਜੱਟ ਦਾ ਪੁੱਤ ਛੜਾ ਨਹੀਂ ਰਹਿੰਦਾ। ਪਰ ਕਹਣੀ ਦੀ ਤੋਰ ਮੁਤਾਬਕ ਪਾਤਰ ਜੱਗਾ ਵੈਲੀ, ਤੇ ਯਾਰਾਂ ਦੀਆਂ ਢਾਣੀਆਂ ‘ਚ ਬਹਿਣ ਵਾਲਾ ਵਿਹਲੜ ਹੈ ।ਮੈਂ ਇਹਦੇ ਲੜ ਲੱਗੀ ਨੂੰ ਕੱਚੀ ਕੰਧੋਲੀ ਕੋਲ, ਚੁੱਲੇ ਦੇ ਧੂੰਏਂ ਨਾਲ ਗਿੱਲੀਆਂ ਹੋਈਆਂ ਅੱਖਾਂ, ਚੁੰਨੀ ਦੇ ਲੜ ਨਾਲ ਪੂੰਝਦਿਆਂ ਨਹੀਂ ਸੀ ਵੇਖ ਸਕਦਾ। ਪਰ ਬਾਬੇ ਕੰਵਲ ਦੀ ਸਲਾਹ ਸੁੱਟੀ ਵੀ ਤਾਂ ਨਹੀਂ ਜਾ ਸਕਦੀ । ਮੈਨੂੰ ਇੱਕ ਤਰਕੀਬ ਸੁੱਝੀ । ਦੂਜੇ ਐਡੀਸ਼ਨ ਦਾ ਪਰੂਫ ਪੜ੍ਹਣ ਵੇਲੇ ਮੈਂ ਜੱਗੇ ਦੀ ਜਮੀਂਨ ਸੱਤ ਕਿੱਲਿਆਂ ਤੋਂ ਘਟਾ ਕੇ ਡੇਢ ਕਿੱਲਾ ਕਰ ਦਿੱਤੀ। ਲੈ ਬੱਚੂ! ਹੁਣ ਵਿਆਹ ਕਰਾ ਕੇ ਵਿਖਾ। ਡੂਢ ਕਿੱਲੇ ਵਾਲਾ ਮਲੰਗ ਜੱਟ ਤੇ ਉੱਤੋਂ ਵੈਲੀ ਬੰਦਾ। ਮੁੱਲ ਦੀ ਤੀਵੀਂ ਤਾਂ ਭਾਵੇਂ ਲੈ ਆਵੇ ਪਰ ਤੈਨੂੰ ਸਾਕ ਨਹੀਂ ਕਿਸੇ ਨੇ ਕਰਨਾ !