ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨਾਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਸਿੱਧੀ ਦਖਲ ਅੰਦਾਜੀ ਕੀਤੀ ਹੈ। ਉਨ੍ਹ੍ਾਂ ਵਿਧਾਨ ਸਭਾ ‘ਚ ਬਿੱਲ ਪਾਸ ਕਰਕੇ ਸਿੱਖ ਕੌਮ ਨੂੰ ਵੰਡਣ ਤੇ ਕਮਜੋਰ ਕਰਨ ਦਾ ਕੋਝਾ ਯਤਨ ਕੀਤਾ ਹੈ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੁਝ ਸਿੱਖ ਆਗੂ ਕਾਂਗਰਸ ਦੀ ਹੁੱਡਾ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਵੰਡਣ ਤੇ ਸਿੱਖ ਸ਼ਕਤੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਕਮਜੋਰ ਕਰਨ ਵਿਚ ਮੋਹਰੀ ਰੋਲ ਅਦਾ ਕਰ ਰਹੇ ਹਨ। ਇਤਿਹਾਸ ਉਨ੍ਹਾਂ ਲੋਕਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।
ਜਥੇਦਾਰ ਅਵਤਾਰ ਸਿੰਘ ਨੇ ਰੋਹ ਭਰੇ ਸ਼ਬਦਾਂ ‘ਚ ਕਿਹਾ ਕਿ ਭਾਈ ਲਸ਼ਮਣ ਸਿੰਘ ਧਾਰੋਵਾਲੀ ਵਰਗੇ ਅਨੇਕਾਂ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਅਤੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਹੋਂਦ ‘ਚ ਆਈ ਸਿੱਖ ਸ਼ਕਤੀ (ਸ਼੍ਰੋਮਣੀ ਕਮੇਟੀ) ਨੂੰ ਤੋੜਨ ਵਾਲੇ ਕਦੇ ਵੀ ਸੱਚੇ ਸਿੱਖ ਜਾਂ ਸਿੱਖਾਂ ਦੇ ਹਮਦਰਦ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਸ ਚਾਲ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਕਦੇ ਵੀ ਬੂਰ ਨਹੀਂ ਪੈਣ ਦੇਵੇਗੀ ।
ਉਨ੍ਹਾਂ ਕਿਹਾ ਕਿ ਹੁੱਡਾ ਸਰਕਾਰ ਵੋਟਾਂ ਖਾਤਰ ਹਰਿਆਣੇ ਦੇ ਸਿੱਖ ਭਾਈਚਾਰੇ ‘ਚ ਫੁੱਟ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਘਿਨਾਉਣੀ ਚਾਲ ਨੂੰ ਹਰਿਆਣੇ ਦੇ ਸਿੱਖ ਚੰਗੀ ਤਰ੍ਹਾਂ ਸਮਝ ਗਏ ਹਨ, ਉਹ ਲੋਕ ਸ਼ਕਤੀ ਦੇ ਰੂਪ ਵਿਚ ਹੁੱਡਾ ਨੂੰ ਇਸ ਵਿਚ ਕਾਮਯਾਬ ਨਹੀਂ ਹੋਣ ਦੇਣਗੇ।
ਜਥੇਦਾਰ ਅਵਤਾਰ ਸਿੰਘ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਰਿਆਣੇ ‘ਚ ਆਪਣੇ ਸਿੱਖ ਭਾਈਚਾਰੇ ਨਾਲ ਨਾ ਕਦੇ ਬੇ-ਇਨਸਾਫ਼ੀ ਕੀਤੀ ਹੈ ਤੇ ਨਾ ਹੀ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਰਿਆਣਾ ‘ਚ ਕਈ ਸਕੂਲ ਖੋਲ੍ਹੇ ਹਨ, ਕਈ ਅਜੇ ਉਸਾਰੀ ਅਧੀਨ ਹਨ। ਏਥੋਂ ਤੀਕ ਕਿ ਕਰੋੜਾਂ ਰੁਪਏ ਖਰਚ ਕਰਕੇ ਹਰਿਆਣਾ ਦੇ ਸਿੱਖ ਬੱਚਿਆਂ ਦੀ ਉਚੇਰੀ ਸਿੱਖਿਆ ਵਾਸਤੇ ਮੀਰੀ ਪੀਰੀ ਮੈਡੀਕਲ ਕਾਲਜ ਬਣਵਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਪੋਰਟਰਾਂ ਨੇ ਕਦੇ ਵੀ ਇਸ ਕਾਲਜ ਨੂੰ ਚਾਲੂ ਕਰਨ ਵਾਸਤੇ ਹੁੱਡਾ ਸਰਕਾਰ ਪਾਸੋਂ ਐਨ ਓ ਸੀ ਦਿਵਾਉਣ ਬਾਰੇ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁੱਡਾ ਤੇ ਉਸਦੇ ਪਿੱਠੂ ਜਿੰਨਾ ਜੋਰ ਸਿੱਖ ਸ਼ਕਤੀ ਨੂੰ ਕਮਜੋਰ ਕਰਨ ਤੇ ਲਗਾ ਰਹੇ ਹਨ ਕਿਤੇ ਏਨਾਂ ਜੋਰ ੧੯੮੪ ‘ਚ ਹਰਿਆਣਾ ਦੇ ਸ਼ਹਿਰ ਹੋਂਦ ਚਿੱਲੜ ਤੇ ਹੋਰ ਥਾਵਾਂ ਤੇ ਵਾਪਰੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਵੱਲ ਲਾਉਂਦੇ ਤਾਂ ਸਿੱਖਾਂ ਦੀ ਬਿਹਤਰੀ ਹੁੰਦੀ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਿੱਖ ਵਿਰੋਧੀ ਕਰੂਰ ਚਿਹਰੇ ਤੋਂ ਪਰਦਾ ਲਹਿ ਚੁੱਕਾ ਹੈ। ਹਰਿਆਣਾ ਵਿਧਾਨ ਸਭਾ ਚੌਣਾਂ ‘ਚ ਕਾਂਗਰਸ ਦਾ ਨਾਮੋ ਨਿਸ਼ਾਨ ਸਿੱਖ ਮਿਟਾ ਦੇਣਗੇ।