ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਯਾਦ ‘ਚ ਸੈਮੀਨਾਰ ਸਿਰਮੋਰ ਸਿੱਖ ਬੁੂਧੀਜੀਵਿਆਂ ਦੀ ਅਗਵਾਈ ਹੇਠ ਕਰਵਾਇਆ ਗਿਆ। ਮਾਤਾ ਸੁੰਦਰੀ ਕਾਲਜ ਦੇ ਕਾਨਫਰੰਸ ਹਾਲ ਵਿਖੇ ਹੋਏ ਇਸ ਸਮਾਗਮ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਰਦੇ ਹੋਏ ਭਵਿੱਖ ‘ਚ ਕੌਮ ਦੇ ਮਹਾਨ ਕਵੀ ਸੰਤੋਖ ਸਿੰਘ ਅਤੇ ਨਿਸ਼ਕਾਮ ਸੇਵਾ ਦੀ ਮੂਰਤ ਤੇ ਰੈਡਕ੍ਰਾਸ ਸੋਸਾਈਟੀ ਦੀ ਸਥਾਪਨਾ ਦਾ ਅਧਾਰ ਭਾਈ ਘਨਈਆ ਜੀ ਦੀ ਯਾਦ ‘ਚ ਵੀ ਸੈਮੀਨਾਰ ਕਰਵਾਉਣ ਦੀ ਘੋਸ਼ਣਾ ਕੀਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੇ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ, ਡਾ. ਜਸਬੀਰ ਸਿੰਘ ਸਾਬਰ, ਗੁਰੂਨਾਨਕ ਦੇਵ ਯੂਨਿਵਰਸਿਟੀ ਅੰਮ੍ਰਿਤਸਰ ਦੇ ਡਾ. ਗੁਲਜ਼ਾਰ ਸਿੰਘ ਕੰਗ, ਡਾ. ਮੁਹਬੱਤ ਸਿੰਘ ਅਤੇ ਗੁਰੂਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਹਰਮੀਤ ਸਿੰਘ ਸਣੇ ਸਾਰੇ ਬੁਲਾਰਿਆਂ ਨੇ ਭਾਈ ਗੁਰਦਾਸ ਜੀ ਦੇ ਨਿਮਰਤਾ ਭਾਵ, ਵਿਦਵਾਨੀ ਸੂਭਾਵ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਕੌਮ ਦਾ ਹੀਰਾ ਵੀ ਦੱਸਿਆ। ਉਕਤ ਵਿਦਵਾਨਾਂ ਵੱਲੋਂ ਜੀ.ਕੇ. ਨੂੰ ਇਸ ਤਰ੍ਹਾਂ ਦੇ ਉਸਾਰੂ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਸ਼ਾਲ, ਫੁੱਲਾਂ ਦਾ ਗੁਲਦਸਤਾ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਮਾਨਿਤ ਵੀ ਕੀਤਾ ਗਿਆ।
ਜੀ.ਕੇ. ਨੇ ਆਪਣੀ ਤਕਰੀਰ ‘ਚ ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬਾਨ ਦੀ ਸੇਵਾ ਕਰਨ ਦੇ ਮਿਲੇ ਮੌਕੇ ਨੂੰ ਇਤਿਹਾਸਿਕ ਦੱਸਦੇ ਹੋਏ ਉਨ੍ਹਾਂ ਵੱਲੋਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਲਿੱਖਣ ਦੀ ਨਿਭਾਈ ਗਈ ਸੇਵਾ ਨੂੰ ਵੀ ਅਨਮੋਲ ਦੱਸਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੱਲੋਂ ਪ੍ਰੋਗਰਾਮ ਦੀ ਸਮਾਪਤੀ ਮੌਕੇ ਆਏ ਹੋਏ ਸਾਰੇ ਮਹਿਮਾਨਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਗੁਰਬਚਨ ਸਿੰਘ ਚੀਮਾ, ਸਮਜਦੀਪ ਸਿੰਘ ਸੰਨੀ, ਚਮਨ ਸਿੰਘ, ਰਵੈਲ ਸਿੰਘ, ਅਮਰਜੀਤ ਸਿੰਘ ਪਿੰਕੀ, ਬੀਬੀ ਧੀਰਜ ਕੌਰ ਅਤੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਸਹਿਤ ਸੈਂਕੜੇ ਸੰਗਤਾਂ ਮੌਜੂਦ ਸਨ।
ਦਿੱਲੀ ਕਮੇਟੀ ਨੇ ਭਾਈ ਗੁਰਦਾਸ ਜੀ ਦੀ ਯਾਦ ‘ਚ ਕਰਵਾਇਆ ਸੈਮੀਨਾਰ
This entry was posted in ਭਾਰਤ.