ਸੈਨਹੋਜ਼ੇ-ਅਮਰੀਕਾ ਦੀ ਨਾਮਵਰ ਸ਼ਖਸੀਅਤ, ਪ੍ਰਸਿੱਧ ਬਿਜ਼ਨੈਸਮੈਨ ਅਤੇ ਲੀਡਰ ਸਵਰਗੀ ਬਾਬੂ ਲਾਹੌਰੀ ਰਾਮ ਜੀ ਦੇ ਯਾਦ ਵਿਚ ਉਨ੍ਹਾਂ ਦੇ ਪ੍ਰਵਾਰ ਸ: ਦਲਵਿੰਦਰ ਸਿੰਘ ਧੂਤ ੳਤੇ ਸ: ਬਲਜੀਤ ਸਿੰਘ ਮਾਨ ਦੇ ਪ੍ਰਵਾਰ ਵਲੋਂ ਇਥੋਂ ਦੇ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਛਲੇ ਐਤਵਾਰ ਨੂੰ ਪਾਇਆ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਕੀਰਤਨੀ ਜਥੇ ਦੁਆਰਾ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਯਾਦ ਨੂੰ ਮਨਾਉਣ ਲਈ ਇਲਾਕੇ ਦੀਆਂ ਅਨੇਕਾਂ ਪ੍ਰਸਿਧ ਸ਼ਖ਼ਸੀਅਤਾਂ ਪਹੁੰਚੀਆਂ ਹੋਈਆਂ ਸਨ।
ਜਿ਼ਕਰਯੋਗ ਹੈ ਕਿ ਸ੍ਰੀ ਲਾਹੌਰੀ ਰਾਮ ਜੀ 10 ਜਨਵਰੀ, 2009 ਦਿਨ ਐਤਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸ੍ਰੀ ਲਾਹੌਰੀ ਰਾਮ ਜੀ ਨੇ ਅਮਰੀਕਾ ਪਹੁੰਚਣ ਤੋਂ ਉਪਰੰਤ ਇਥੋਂ ਦੇ ਪੰਜਾਬੀ ਅਤੇ ਅਮਰੀਕਨ ਭਾਈਚਾਰੇ ਵਿਚ ਭਰਪੂਰ ਨਾਮਣਾ ਖਟਿਆ। ਉਨ੍ਹਾਂ ਦੀ ਯਾਦ ਵਿਚ ਰਖਾਏ ਗਏ ਸ੍ਰੀ ਅਖੰਡ ਪਾਠ ਦੇ ਮੌਕੇ ‘ਤੇ ਕੈਲੀਫੋਰਨੀਆਂ ਦੀਆਂ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਜਿਨ੍ਹਾਂ ਵਿਚ ਕੈਲੀਫੋਰਨੀਆਂ ਦੇ ਅਟਾਰਨੀ ਜਨਰਲ ਮਿਸਟਰ ਜੈਰੀ ਬਰਾਊਨ, ਮਿਲਬਰੀ ਦੀ ਮੇਅਰ ਜੀਨਾ ਪਾਪਾਨ, ਸੇਪੀ ਰਿਚਰਡਸਨ, ਲੇਥਰੋਪ ਸਿਟੀ ਦੇ ਵਾਈਸ ਮੇਅਰ ਸੰਨੀ ਧਾਲੀਵਾਲ, ਕੈਲੀਫੋਰਨੀਆ ਸਟੇਟ ਬਾਰ ਦੇ ਬੋਰਡ ਆਫ਼ ਡਾਇਰੈਕਟਰ ਮਾਰਟਿਨ ਲਾਅਇਰ, ਯੂਐਸ ਪੋਸਟਲ ਸਰਵਿਸ ਦੇ ਪੋਸਟਮਾਸਟਰ ਜਾਰਜ ਲਿਓ, ਇੰਡੋ-ਅਮਰੀਕਨ ਕਮਿਊਨਿਟੀ ਫੈਡਰੇਸ਼ਨ ਦੇ ਪ੍ਰਧਾਨ ਜੀਵਨ ਜ਼ੁਤਸ਼ੀ ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਥੇ ਇਹ ਵੀ ਵਰਣਨਯੋਗ ਹੈ ਕਿ ਮਿਸਟਰ ਜੈਰੀ ਬਰਾਊਨ ਇਸ ਗੁਰਦੁਆਰਾ ਸਾਹਿਬ ਵਿਖੇ ਪਹਿਲੀ ਵਾਰ ਪਹੁੰਚੇ।
ਇਨ੍ਹਾਂ ਤੋਂ ਇਲਾਵਾ ਯੂਬਾ ਸਿਟੀ ਤੋਂ ਸ: ਦੀਦਾਰ ਸਿੰਘ ਬੈਂਸ, ਸ: ਗੁਰਨਾਮ ਸਿੰਘ ਪੰਮਾ, ਡਬਲਿਨ ਤੋਂ ਸਰਦਾਰਨੀ ਅਤੇ ਸਰਦਾਰ ਬਲਜੀਤ ਸਿੰਘ ਮਾਨ, ਫਰਿਜ਼ਨੋ ਤੋਂ ਸ: ਬਲਦੇਵ ਸਿੰਘ ਸੰਘਾ, ਬੇਕਰਜ਼ਫੀਲਡ ਤੋਂ ਮੀਨਾ ਸੰਘੇੜਾ, ਜਗਦੀਸ਼ ਢਿਲੋਂ, ਵਾਟਸਨਵਿੱਲ ਤੋਂ ਸੁਰਜੀਤ ਸਿੰਘ ਟੁੱਟ, ਸੈਕਰਾਮੈਂਟੋ ਤੋਂ ਅਮਰ ਬੇਦਵਾਨ, ਲਾਸ ਏਂਜਲਸ ਤੋਂ ਰਵੀ ਗਰੇਵਾਲ, ਰਿਚਮੰਡ ਤੋਂ ਸ: ਹਰਪ੍ਰੀਤ ਸਿੰਘ ਸੰਧੂ, ਡਾਕਟਰ ਹਰਮੇਸ਼ ਕੁਮਾਰ, ਸ: ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ: ਮਹਿੰਦਰ ਸਿੰਘ ਮਾਨ ਅਟਾਰਨੀ ਐਟ ਲਾਅ, ਸ: ਦਲਵਿੰਦਰ ਸਿੰਘ ਧੂਤ, ਸ: ਹਰਦੁਮਨ ਸਿੰਘ ਸੰਘੇੜਾ, ਸ: ਜਸਵੰਤ ਸਿੰਘ ਹੋਠੀ, ਸ: ਬਚਿੱਤਰ ਸਿੰਘ ਸੰਘਾ, ਬੌਬ ਗਿੱਲ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ।
ਇਸ ਮੌਕੇ ‘ਤੇ ਬੋਲਦੇ ਹੋਏ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਕਿਵੇਂ ਸ੍ਰੀ ਲਾਹੌਰੀ ਰਾਮ ਜੀ ਨੇ ਆਪਣੀ ਅਣਥੱਕ ਮੇਹਨਤ ਨਾਲ ਆਪਣੇ ਕਾਰੋਬਾਰ ਸਥਾਪਤ ਕੀਤੇ ਅਤੇ ਆਪਣੀ ਇਮਾਨਦਾਰੀ ਤੇ ਸਮਾਜਸੇਵੀ ਸੋਚ ਅਤੇ ਧਾਰਨਾ ਉਪਰ ਚਲਦੇ ਹੋਏ ਇੰਡੋ-ਅਮਰੀਕਨ ਭਾਈਚਾਰੇ ਵਿਚ ਇਕ ਖਾਸ ਥਾਂ ਬਣਾਈ। ਸ੍ਰੀ ਲਾਹੌਰੀ ਰਾਮ ਜੀ ਭਾਵੇਂ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਸਮਾਜ ਅਤੇ ਭਾਈਚਾਰੇ ਵਿਚ ਉਨ੍ਹਾਂ ਵਲੋਂ ਕੀਤੀਆਂ ਨਿਸ਼ਕਾਮ ਸੇਵਾਵਾਂ ਸਦਕੇ ਉਹ ਅਜੇ ਵੀ ਲੋਕਾਂ ਦੇ ਦਿਲਾਂ ਵਿਚ ਵਸੇ ਹੋਏ ਹਨ।
ਇਸ ਮੌਕੇ ‘ਤੇ ਪਹੁੰਚਣ ਲਈ ਸ੍ਰੀ ਲਾਹੌਰੀ ਰਾਮ ਜੀ ਦੀ ਪਤਨੀ ਬੀਬੀ ਪ੍ਰੀਤਮ ਕੌਰ, ਬੇਟਿਆਂ ਜਗਦੇਵ ਰਾਮ, ਅਜੈਪਾਲ ਰਾਮ, ਬੇਟੀ ਬੀਬੀ ਜਗਦੀਸ਼ ਕੌਰ ਰਾਮ, ਨਹੂੰਆਂ ਸ੍ਰੀਮਤੀ ਰਾਮਿਤਪਾਲ ਕੌਰ ਰਾਮ, ਸ੍ਰੀਮਤੀ ਨੀਲਮ ਰਾਮ, ਪੋਤਰੀ ਜਸਮੀਨ ਕੌਰ ਰਾਮ, ਉਨ੍ਹਾਂ ਦੇ ਮਿੱਤਰਾਂ ਸ: ਬਲਜੀਤ ਸਿੰਘ ਮਾਨ ਪ੍ਰਵਾਰ ਅਤੇ ਸ: ਦਲਵਿੰਦਰ ਸਿੰਘ ਧੂਤ ਵਲੋਂ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ।