ਲੁਧਿਆਣਾ : ਪੰਜਾਬੀ ਲੇਖਕ ਸਭਾ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਅਮਰੀਕਾ ਦੇ ਸ਼ਹਿਰ ਸਿਆਟਲ ’ਚ ਵੱਸਦੇ ਪਰਵਾਸੀ ਪੰਜਾਬੀ ਕਵੀ ਸ਼ਿੰਗਾਰ ਸਿੰਘ ਸਿੱਧੂ ਦਾ ਗੀਤ ਸੰਗ੍ਰਹਿ ‘ਧੀਆਂ ਧਨ ਬੇਗਾਨਾ’ ਲੋਕ ਅਰਪਣ ਕਰਦਿਆਂ ਪ੍ਰਸਿੱਧ ਪੰਜਾਬੀ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਰੋਦੀ ਕਵਿਤਾ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਸੰਵੇਦਨਸ਼ੀਲ ਬਣਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਬਜ਼ੁਰਗ ਕਵੀ ਸ਼ਿੰਗਾਰ ਸਿੰਘ ਸਿੱਧੂ ਨੇ ਸਿਰਫ਼ ਸਮਾਜਿਕ ਕੁਰੀਤੀਆਂ ਬਾਰੇ ਹੀ ਆਪਣੀ ਕਲਾ ਨਹੀਂ ਅਜਮਾਈ ਸਗੋਂ ਦੇਸ਼ ਉਸਾਰੀ ਦੇ ਗੀਤ ਵੀ ਲਿਖੇ ਹਨ ਕਿਉਂਕਿ ਉਨ੍ਹਾਂ ਦਾ ਪਿਛੋਕੜ ਭਾਰਤੀ ਸੈਨਾ ਦੀ ਸੇਵਾ ਦਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ. ਸ਼ਿੰਗਾਰ ਸਿੰਘ ਸਿੱਧੂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ ਦੇ ਜੰਮਪਲ ਹਨ ਅਤੇ ਭਾਰਤੀ ਸੈਨਾ ’ਚ ਲਗਪਗ 27 ਵਰ੍ਹੇ ਸੇਵਾ ਨਿਭਾਉਣ ਉਪਰੰਤ 1987 ਤੋਂ ਲਗਾਤਾਰ ਸਿਆਟਲ ’ਚ ਰਹਿ ਕੇ ਉਥੋਂ ਦੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਰਾਹੀਂ ਲੋਕ ਦਿਲਾਂ ਦੀ ਧੜਕਣ ਵਜੋਂ ਜਾਣੇ ਜਾਂਦੇ ਹਨ। ਇਹ ਗੀਤ ਸੰਗ੍ਰਹਿ ਉਨ੍ਹਾਂ ਦੇ ਅੰਤਰ ਮਨ ਦੀ ਵੇਦਨਾ ਦਾ ਸਰੋਦੀ ਪ੍ਰਗਟਾਵਾ ਹੈ। ਉਨ੍ਹਾਂ ਆਖਿਆ ਕਿ ਪਰਦੇਸਾਂ ’ਚ ਵੱਸਦਿਆਂ ਪੰਜਾਬੀ ਸਾਹਿਤ ਸੇਵਾ ਕਰਨਾ ਮੁਹਾਲ ਕਾਰਜ ਹੈ ਪਰ ਸ. ਸ਼ਿੰਗਾਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਸਿਆਟਲ ’ਚ ਪੰਜਾਬੀ ਭਵਨ ਲੁਧਿਆਣਾ ਵਰਗਾ ਮਾਹੌਲ ਉਸਾਰੀ ਬੈਠੇ ਹਨ।
ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਅਤੇ ਉ¤ਘੇ ਪੰਜਾਬੀ ਕਵੀ ਪ੍ਰੋ. ਰਵਿੰਦਰ ਭੱਠਲ ਨੇ ‘ਧੀਆਂ ਧਨ ਬੇਗਾਨਾ’ ਬਾਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਇਹ ਗੀਤ ਸੰਗ੍ਰਹਿ ਬਾਬਲ ਦੀਆਂ ਧੀਆ ਲਈ ਦੁਆਵਾਂ ਵਰਗਾ ਹੈ। ਉ¤ਘੇ ਕਵੀ ਅਤੇ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਸ਼ਿੰਗਾਰ ਸਿੰਘ ਸਿੱਧੂ ਸਾਡਾ ਅਜਿਹਾ ਪੁਰਖਾ ਹੈ ਜਿਸ ਦੇ ਗੀਤਾਂ ਤੋਂ ਸਾਨੂੰ ਅੱਧੀ ਸਦੀ ਪੁਰਾਣੇ ਸਭਿਆਚਾਰ ਦੇ ਦਰਸ਼ਨ ਹੁੰਦੇ ਹਨ। ਅਕਾਡਮੀ ਦੇ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਕਿਹਾ ਕਿ ਪਰਵਾਸੀ ਸਾਹਿਤਕਾਰਾਂ ਨੂੰ ਜੇਕਰ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਦੂਤ ਕਹਿ ਲਈਏ ਤਾਂ ਅਤਿਕਥਨੀ ਨਹੀਂ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਨ੍ਹਾਂ ਪਰਵਾਸੀ ਲੇਖਕਾਂ ਦੇ ਯੋਗਦਾਨ ਤੋਂ ਸਾਨੂੰ ਹਿੰਮਤ ਮਿਲਦੀ ਹੈ। ਉ¤ਘੇ ਪੰਜਾਬੀ ਨਾਵਲਕਾਰ ਪ੍ਰੋ. ਸੰਤੋਖ ਸਿੰਘ ਔਜਲਾ ਨੇ ਕਿਹਾ ਕਿ ਜਗਰਾਉਂ ਤਹਿਸੀਲ ਦੇ ਜੰਮਪਲ ਸ਼ਿੰਗਾਰ ਸਿੰਘ ਸਿੱਧੂ ਨੇ ਇਸ ਧਰਤੀ ਦੀ ਮਹਿਕ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਭਵਿੱਖੀ ਪੀੜ੍ਹੀਆਂ ਸਿਰ ਅਹਿਸਾਨ ਕੀਤਾ ਹੈ।