ਨਵੀਂ ਦਿੱਲੀ : ਗੁਰਬਾਣੀ ਵਿਰਸਾ ਸੰਭਾਲ ਪ੍ਰਤਿਯੋਗਿਤਾ ਦੇ ਤਹਿਤ ਦਿੱਲੀ ਦੀਆਂ ਇਸਤ੍ਰੀ ਸਤਿਸੰਗ ਸਭਾਵਾਂ ਵਿਚਕਾਰ ਕਰਵਾਏ ਜਾ ਰਹੇ ਕੀਰਤਨ ਮੁਕਾਬਲਿਆਂ ਦਾ ਫਾਈਨਲ ਰਾਉਂਡ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਹੋਇਆ। ਫਾਈਨਲ ਰਾਉਂਡ ‘ਚ ਪਹੁੰਚੇ ਜਥਿਆ ਵੱਲੋਂ ਕੀਰਤਨ ਕਰਦੇ ਹੋਏ ਜੱਜ ਦੀ ਭੁਮਿਕਾ ਨਿਭਾ ਰਹੇ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਜਥੇ ਭਾਈ ਹਰਦੀਪ ਸਿੰਘ, ਗੁਰਦੀਪ ਸਿੰਘ ਅਤੇ ਭਾਈ ਮਨੋਹਰ ਸਿੰਘ ਅੱਗੇ ਆਪਣੀ ਕਾਬਲੀਅਤ ਨੂੰ ਪੇਸ਼ ਕੀਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਦਿੱਲੀ ਕਮੇਟੀ ਮੈਂਬਰ ਜਤਿੰਦਰਪਾਲ ਸਿੰਘ ਗੋਲਡੀ ਤੇ ਜਥੇਦਾਰ ਦਰਸ਼ਨ ਸਿੰਘ ਨੇ ਸਾਂਝੇ ਰੂਪ ‘ਚ ਇਸ ਪ੍ਰੋਗਰਾਮ ਦੀ ਕੋਰਡੀਨੇਟਰ ਬੀਬੀ ਨਰਿੰਦਰ ਕੌਰ ਦੇ ਨਾਲ ਮਿਲ ਕੇ ਜੇਤੂ ਬੀਬੀਆਂ ਨੂੰ ਇਨਾਮਾ ਦੀ ਵੰਡ ਕੀਤੀ। ਸ਼ੂੱਧ ਬਾਣੀ ਗਾਈਨ ਕਰਨ ‘ਚ ਬੀਬੀ ਰਜਿੰਦਰ ਕੌਰ (ਕੌਹਾਟ ਐਨਕਲੇਵ) ਤੇ ਕੀਰਤਨ ਸੁਰਤਾਲ ‘ਚ ਬੀਬੀ ਰਾਣੀ ਸ਼ੂਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਕਿ ਬੀਬੀ ਮਨਪ੍ਰੀਤ ਕੌਰ ਪਰਮਾਨੰਦ ਕਲੌਨੀ ਤੇ ਬੀਬੀ ਹਰਵਿੰਦਰ ਕੌਰ ਮਯੂਰ ਵਿਹਾਰ ਨੇ ਦੂਜਾ ਸਥਾਨ ਅਤੇ ਬੀਬੀ ਹਰਿਵੰਦਰ ਕੌਰ ਸਵੀਟੀ ਤੇ ਬੀਬੀ ਤਰਨਜੀਤ ਕੌਰ ਸ਼ਾਹਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਣਾ ਨੇ ਇਸਤ੍ਰੀ ਸਤਿਸੰਗ ਦੀਆਂ ਮੈਂਬਰਾਂ ਵੱਲੋਂ ਸਿੰਘ ਸਭਾਵਾਂ ਗੁਰਦੁਆਰਿਆਂ ‘ਚ ਕੀਰਤਨ ਦੀ ਚਲਾਈ ਜਾ ਰਹੀ ਲਹਿਰ ਦੀ ਸ਼ਲਾਘਾ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਇਸਤ੍ਰੀ ਸਤਿਸੰਗ ਜੱਥਿਆਂ ਨੂੰ ਹਰ ਪ੍ਰਕਾਰ ਦੀ ਮਦਦ ਦੇਣ ਦਾ ਵੀ ਭਰੋਸਾ ਦਿੱਤਾ।