ਲੁਧਿਆਣਾ, (ਮੰਝਪੁਰ)- 2009 ਵਿਚ ਲੁਧਿਆਣੇ ਦੇ ਸਰਾਭਾ ਨਗਰ ਥਾਣੇ ਵਿਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ 13, 15, 17, 18 ਤੇ 18ਬੀ ਅਧੀਨ ਦਰਜ਼ ਮੁਕੱਦਮਾ ਨੰਬਰ 131 ਮਿਤੀ 27 ਅਗਸਤ 2009 ਨੂੰ ਅੱਜ ਸ੍ਰੀ ਸੁਖਦੇਵ ਸਿੰਘ, ਵਧੀਕ ਸੈਸ਼ਨ ਜੱਜ, ਲੁਧਿਆਣਾ ਵਲੋਂ ਬਰੀ ਕਰ ਦਿੱਤਾ ਗਿਆ।ਇਸ ਕੇਸ ਵਿਚ ਉਸ ਸਮੇਂ ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ, ਯੂਥ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਭਾਈ ਬਲਬੀਰ ਸਿੰਘ ਬੀਰਾ (ਭੂਤਨਾ), ਭਾਈ ਪਲਵਿੰਦਰ ਸਿੰਘ ਸ਼ਤਰਾਣਾ ਤੇ ਭਾਈ ਗੁਰਦੀਪ ਸਿੰਘ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਪੁਲਿਸ ਵਿਭਾਗ ਤੇ ਪੰਜਾਬ ਸਰਕਾਰ ਵਲੋਂ 2009 ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤਾ ਜਾਂਦਾ ਤਾਂ ਪੰਜਾਬ ਤੇ ਭਾਰਤ ਵਿਚ ਅਮਨ-ਸ਼ਾਂਤੀ ਨੂੰ ਵੱਡਾ ਖਤਰਾ ਪੈਦਾ ਹੋ ਜਾਣਾ ਸੀ ਤੇ ਪੁਲਸ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਭਾਈ ਬਿੱਟੂ ਤੇ ਸਾਥੀਆਂ ਵਲੋਂ 43 ਵੱਖ-ਵੱਖ “ਅੱਤਵਾਦੀਆਂ” ਦੇ ਖਾਤਿਆਂ ਵਿਚ ਸਮੇਂ-ਸਮੇਂ ‘ਤੇ ਰੁਪਏ ਜਮ੍ਹਾਂ ਕਰਵਾ ਕੇ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਪੁਲਿਸ ਵਲੋਂ ਪੇਸ਼ ਕੀਤੇ ਚਲਾਨ ਮੁਤਾਬਕ 55 ਗਵਾਹ ਰੱਖੇ ਗਏ ਸਨ ਅਤੇ ਪੁਲਸ ਵਲੋਂ ਅਜੇ ਹੋਰ ਜਾਂਚ ਕਰਕੇ ਵਧੀਕ ਚਲਾਨ ਪੇਸ਼ ਕਰਨ ਦਾ ਵੀ ਦਾਅਵਾ ਕੀਤਾ ਗਿਆ ਸੀ ਪਰ ਪੰਜ ਸਾਲ ਵਿਚ ਕੇਵਲ 24 ਗਵਾਹ ਹੀ ਭੁਗਤਾਏ ਗਏ ਅਤੇ ਵਧੀਕ ਸੈਸ਼ਨ ਕੋਰਟ ਵਲੋਂ ਕਈ ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਜਦੋਂ ਗਵਾਹੀਆਂ ਨਹੀਂ ਸਨ ਭੁਗਤਾਈਆਂ ਜਾ ਰਹੀਆਂ ਤਾਂ 20 ਫਰਵਰੀ 2014 ਨੂੰ ਕੋਰਟ ਵਲੋਂ ਬਾ-ਹੁਕਮ ਪੁਲਿਸ ਦੀਆਂ ਗਵਾਹੀਆਂ ਬੰਦ ਕਰਨ ਦਾ ਹੁਕਮ ਕੀਤਾ ਗਿਆ ਸੀ।
ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਪੰਚ ਪਰਧਾਨੀ ਦੇ ਪ੍ਰੈੱਸ ਸਕੱਤਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਕੇਸ 2009 ਵਿਚ ਪੰਜਾਬ ਸਰਕਾਰ ਵਲੋਂ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਪੰਚ ਪਰਧਾਨੀ ਦੇ ਵਧਦੇ ਪਰਭਾਵ ਨੂੰ ਰੋਕਣ ਅਤੇ ਸਿੱਖ ਪੰਥ ਦੀ ਆਵਾਜ਼ ਬਣ ਚੁੱਕੇ ਰਸਾਲੇ ਸਿੱਖ ਸ਼ਹਾਦਤ ਨੂੰ ਬੰਦ ਕਰਾਉਂਣ ਲਈ ਦਰਜ਼ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਜਿਹਨਾਂ 43 ਅੱਤਵਾਦੀਆਂ ਦੇ ਖਾਤੇ ਦੀ ਗੱਲ ਪੁਲਿਸ ਵਲੋਂ ਕੀਤੀ ਜਾ ਰਹੀ ਸੀ ਉਹਨਾਂ ਵਿਚ ਜਿਆਦਾਤਰ ਖਾਤੇ ਵੱਖ-ਵੱਖ ਸੀਨੀਅਰ ਵਕੀਲਾਂ, ਪ੍ਰਮੱਖ ਅਖਬਾਰਾਂ ਦੇ ਉੱਘੇ ਪੱਤਰਕਾਰਾਂ ਅਤੇ ਪੰਚ ਪਰਧਾਨੀ ਨਾਲ ਸਬੰਧਤ ਅਹੁਦੇਦਾਰਾਂ ਦੇ ਸਨ। ਉਹਨਾਂ ਕਿਹਾ ਕਿ ਸਿੱਖ ਸ਼ਹਾਦਤ ਵੀ ਇਕ ਰਜਿਸਟਰਡ ਰਸਾਲਾ ਸੀ ਅਤੇ ਇਸ ਤੋਂ ਇਲਾਵਾ ਅਖਬਾਰਾਂ ਦੀਆਂ ਕਟਿੰਗਾਂ ਦੀ ਬਰਾਮਦਗੀ ਕੋਈ ਗੈਰ-ਕਾਨੂੰਨੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਕੇਸ ਵਿਚ ਦੋ ਲੈਪਟਾਪ, ਚਾਰ ਕੰਪਿਊਟਰ ਤੇ ਅਨੇਕਾਂ ਕਿਤਾਬਾਂ ਵੀ ਪੁਲਿਸ ਵਲੋਂ ਕਬਜੇ ਵਿਚ ਲਏ ਗਏ ਸਨ ਜਿਹਨਾਂ ਵਿਚੋਂ ਵੀ ਕੁਝ ਵੀ ਗੈਰ-ਕਾਨੂੰਨੀ ਬਰਾਮਦ ਨਹੀਂ ਹੋਇਆ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਭਾਈ ਦਲਜੀਤ ਸਿੰਘ ਬਿੱਟੂ ਉੱਤੇ ਇਸ ਪ੍ਰਕਾਰ ਦੇ ਕਈ ਕੇਸ ਜਿਹਨਾਂ ਵਿਚ ਇਕ ਕੇਸ ਲਿੱਲੀ ਸ਼ਰਮਾ ਕਤਲ ਕੇਸ ਅਤੇ ਇਕ ਕੇਸ ਰੋਪੜ ਵਿਚ ਵੀ ਦਰਜ਼ ਕੀਤਾ ਗਿਆ ਸੀ, ਪਹਿਲਾਂ ਹੀ ਬਰੀ ਹੋ ਚੁੱਕੇ ਹਨ ਅਤੇ ਅੱਜ ਇਹ ਕੇਸ ਦੀ ਲੁਧਿਆਣਾ ਵਿਚ ਦਮ ਤੋੜ ਗਿਆ ਹੈ। ਉਹਨਾਂ ਦੱਸਿਆ ਕਿ ਭਾਈ ਬਿੱਟੂ ਉੱਤੇ ਇਸ ਕੇਸ ਦੇ ਵਿਸ਼ੇ ਨਾਲ ਦਾ ਹੀ ਇਕ ਕੇਸ 2012 ਵਿਚ ਦੁਬਾਰਾ ਲੁਧਿਆਣਾ ਤੇ ਇਕ ਕੇਸ 2012 ਵਿਚ ਜਲੰਧਰ ਵਿਚ ਵੀ ਦਰਜ਼ ਕੀਤਾ ਗਿਆ ਸੀ ਜੋ ਕਿ ਅਜੇ ਵਿਚਾਰਅਧੀਨ ਹੈ ਅਤੇ ਆਸ ਹੈ ਕਿ ਆਊਂਦੇ ਸਮੇਂ ਵਿਚ ਉਹ ਵੀ ਮੂਧੇ ਮੂੰਹ ਡਿੱਗ ਜਾਣਗੇ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਉਹਨਾਂ (ਮੰਝਪੁਰ), ਭਾਈ ਪਲਵਿੰਦਰ ਸਿੰਘ ਸ਼ਤਰਾਣਾ ਤੇ ਭਾਈ ਗੁਰਦੀਪ ਸਿੰਘ ਰਾਜੂ ਉਪਰ ਦਰਜ਼ ਸਾਰੇ ਕੇਸ ਅੱਜ ਬਰੀ ਹੋ ਚੁੱਕੇ ਹਨ ਅਤੇ ਭਾਈ ਬਿੱਟੂ ਉੱਪਰ ਉਪਰੋਕਤ ਦੋ ਕੇਸ ਅਤੇ ਭਾਈ ਬਲਬੀਰ ਸਿੰਘ ਬੀਰਾ ਭੂਤਨਾ ਉਪਰ ਕੇਵਲ ਇਕ ਕੇਸ ਵਿਚਾਰ ਅਧੀਨ ਰਹਿ ਗਿਆ ਹੈ।
ਇਸ ਕੇਸ ਵਿਚ ਸਫਾਈ ਧਿਰ ਵਲੋਂ ਐਡਵੋਕੇਟ ਐੱਚ.ਐੱਸ ਗਰੇਵਾਲ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
2009 ਦੇ ਯੂ.ਏ.ਪੀ ਕੇਸ ‘ਚੋ ਭਾਈ ਬਿੱਟੂ ਤੇ ਐਡਵੋਕੇਟ ਮੰਝਪੁਰ ਸਮੇਤ ਪੰਜ ਬਰੀ
This entry was posted in ਪੰਜਾਬ.