ਚੰਡੀਗੜ੍ਹ :- ਮੁਲਕ ਨਿਵਾਸੀਆਂ ਅਤੇ ਪੰਜਾਬੀਆਂ ਦੀ ਬਹੁਸੰਮਤੀ ਦੀਆਂ ਭਾਵਨਾਵਾਂ ਭਾਜਪਾ ਅਤੇ ਬਾਦਲ ਦਲ ਵਿਰੋਧੀ ਹਨ। ਮੁਲਕ ਦੇ ਤਾਜ਼ਾ ਆਏ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਬੀਤੇ ਸਮੇਂ ਵਿੱਚ ਪੰਜਾਬ ਦੀਆਂ ਪੰਚਾਇਤਾਂ, ਬਲਾਕ ਸੰਮਤੀਆਂ, ਜਿ਼ਲ੍ਹਾ ਪਰਿਸ਼ਦਾਂ, ਕਾਰਪੋਰੇਸ਼ਨਾਂ, ਮਿਉਂਸੀਪਲ ਕੌਸਿਲਾਂ ਅਤੇ 2007 ਦੀਆਂ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਅੱਜ ਦੀ ਤਰ੍ਹਾ ਨਿਰਪੱਖ, ਸਾਫ ਸੁੱਥਰੀਆਂ ਅਤੇ ਅਮਨ ਚੈਨ ਵਾਲੀਆਂ ਹੁੰਦੀਆਂ ਤਾਂ ਉਦੋਂ ਵੀ ਪੰਜਾਬੀਆਂ ਦੀ ਲੋਕ ਰਾਇ ਬਾਦਲ-ਭਾਜਪਾ ਵਿਰੋਧੀ ਹੀ ਹੋਣੀ ਸੀ। ਕਿਉਂਕਿ ਉਸ ਸਮੇਂ ਬਾਦਲ ਦਲੀਆਂ ਨੇ ਸਭ ਇਖਲਾਕੀ ਅਤੇ ਸਮਾਜਿਕ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਰਾਜਸੀ ਤਾਕਤ ਅਤੇ ਧਨ ਦੌਲਤ ਦੀ ਦੁਰਵਰਤੋਂ ਰਾਹੀਂ ਬੂਥਾਂ ਉੱਤੇ ਕਬਜ਼ੇ ਕਰਕੇ ਚੋਣਾਂ ਜਿੱਤੀਆਂ ਸਨ।
ਇਹ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣ ਕਮਿਸ਼ਨ ਭਾਰਤ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਦੀ ਮੁੱਖ ਚੋਣ ਅਫਸਰ ਬੀਬੀ ਕੁਸਮਜੀਤ ਕੌਰ ਸਿੱਧੂ ਵੱਲੋਂ ਨਿਭਾਏ ਗਏ ਜਮਹੂਰੀਅਤ ਪੱਖੀ ਦ੍ਰਿੜ ਸਟੈਂਡ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਪ੍ਰਗਟਾਏ। ਉਹਨਾਂ ਕਿਹਾ ਕਿ ਭਾਵੇਂ ਇਹ ਚੋਣ ਨਤੀਜੇ ਸਿੱਖ ਕੌਮ ਦੇ ਪੱਖ ਵਿੱਚ ਨਹੀਂ ਆਏ। ਪਰ ਚੋਣ ਕਮਿਸ਼ਨ ਵੱਲੋਂ ਹੋਣ ਵਾਲੀਆਂ ਗੈਰ ਕਾਨੂੰਨੀ ਕਾਰਵਾਈਆਂ ਉੱਤੇ 24 ਘੰਟੇ ਨਜ਼ਰ ਰੱਖਣ ਦੇ ਉੱਦਮ ਨੇ ਵੋਟਰਾਂ ਨੂੰ ਆਪਣੇ ਵੋਟ ਹੱਕ ਦੀ ਆਜਾਦਾਨਾ ਵਰਤੋਂ ਕਰਨ ਦਾ ਮਾਹੌਲ ਮੁਹੱਈਆ ਕਰਵਾ ਕੇ ਜਮਹੂਰੀਅਤ ਪੱਖੀ ਸਲਾਘਾਯੋਗ ਠੋਸ ਉੱਦਮ ਕੀਤਾ ਹੈ।
ਉਹਨਾਂ ਕਿਹਾ ਕਿ ਮੌਜੂਦਾ ਬਾਦਲ ਦਲੀਆਂ ਦਾ ਸਿੱਖ ਕੌਮ ਅਤੇ ਪੰਜਾਬ ਵਿੱਚ ਅਤੇ ਭਾਜਪਾ ਦਾ ਮੁਲਕ ਨਿਵਾਸੀਆਂ ਵਿੱਚ ਜੋ ਗ੍ਰਾਫ ਨੀਚੇ ਆਇਆ ਹੈ, ਪੰਜਾਬ ਵਿੱਚ 66 ਵਿਧਾਨ ਸਭਾ ਹਲਕਿਆਂ ਵਿੱਚ ਪੰਜਾਬੀਆਂ ਨੇ ਬਾਦਲ ਭਾਜਪਾ ਵਿਰੁੱਧ ਰਾਏ ਪ੍ਰਗਟ ਕੀਤੀ ਹੈ, ਇਹ ਸ: ਬਾਦਲ ਵੱਲੋਂ ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਨੂੰ ਬਿਲਕੁਲ ਵਿਸਾਰ ਦੇਣ ਅਤੇ ਭਾਜਪਾ ਵੱਲੋਂ ਫਿਰਕੂ ਸੋਚ ਅਧੀਨ ਕੀਤੀਆਂ ਜਾ ਰਹੀਆਂ ਗੈਰ ਸਮਾਜਿਕ ਘੱਟ ਗਿਣਤੀ ਕੌੰਮਾਂ ਵਿਰੋਧੀ ਕਾਰਵਾਈਆਂ ਦੇ ਵਿਰੁੱਧ ਇੱਕ ਮਜ਼ਬੂਤ “ਲੋਕ-ਫਤਵਾ” ਹੈ। ਉਹਨਾਂ ਇਸ ਗੱਲ ਦੀ ਤਸੱਲੀ ਪ੍ਰਗਟ ਕੀਤੀ ਕਿ ਸਿੱਖ ਕੌਮ ਨੇ ਸ: ਬਾਦਲ ਵਿਰੁੱਧ ਅਤੇ ਮੁਲਕ ਨਿਵਾਸੀਆਂ ਵੱਲੋਂ ਫਿਰਕੂ ਭਾਜਪਾ ਦੀ ਜਮਾਤ ਤੇ ਸ਼੍ਰੀ ਅਡਵਾਨੀ ਵਿਰੁੱਧ ਫੈਸਲਾ ਦੇ ਕੇ ਇੱਥੋਂ ਦੇ ਅਮਨ ਚੈਨ ਨੂੰ ਸਥਾਈ ਤੌਰ ‘ਤੇ ਕਾਇਮ ਰੱਖਣ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਨ ਦਾ ਸ਼ੁੱਭ ਸੰਦੇਸ਼ ਦਿੱਤਾ ਹੈ। ਉਹਨਾਂ ਇਸ ਗੱਲ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਇਸ ਵਾਰੀ ਮੁਲਕ ਦਾ ਵੋਟਰ ਇੰਨਾ ਜਾਗਰੂਕ ਸੀ ਕਿ ਕੋਈ ਵੀ ਸਿਆਸੀ ਜਮਾਤ ਧਨ-ਦੌਲਤ ਦੀ ਤਾਕਤ ਅਤੇ ਨਸਿ਼ਆਂ ਰਾਹੀਂ ਵੋਟਰਾਂ ਦੇ ਇਮਾਨ ਨੂੰ ਡੇਗਣ ਵਿੱਚ ਕਾਮਯਾਬ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਭਾਰਤ ਸਰਕਾਰ 17 ਏ ਫਾਰਮ ਮੁਹੱਈਆ ਕਰਵਾਉਣ ਦੀ ਬਜਾਇ ਵੋਟਿੰਗ ਮਸ਼ੀਨਾਂ ਵਿੱਚ “ਸਮੁੱਚੇ ਉਮੀਦਵਾਰਾਂ ਨੂੰ ਰੱਦ ਕਰਨ” ਦੇ ਬਟਨ ਦਾ ਪ੍ਰਬੰਧ ਕਰ ਸਕਦਾ ਤਾਂ ਵੋਟ ਹੱਕ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਰਿਕਾਰਡਤੋੜ ਹੋਣੀ ਸੀ ਅਤੇ ਚੋਣ ਨਤੀਜੇ ਮਨੁੱਖਤਾ ਪੱਖੀ ਆ ਸਕਦੇ ਸਨ। ਸ: ਟਿਵਾਣਾ ਨੇ ਅਖਬਾਰਾਂ ਅਤੇ ਮੀਡੀਏ ਵੱਲੋਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਤੋਂ ਧਨ-ਦੌਲਤਾਂ ਦੇ ਖੁੱਲ੍ਹੇ ਗੱਫੇ ਲੈ ਕੇ ਉਮੀਦਵਾਰਾਂ ਅਤੇ ਪਾਰਟੀਆਂ ਦੇ ਹੱਕ ਵਿੱਚ ਖਬਰਾਂ ਦੇ ਰੂਪ ਵਿੱਚ ਇਸ਼ਤਿਹਾਰਬਾਜ਼ੀ ਕਰਕੇ ਮੁਲਕ ਨਿਵਾਸੀਆਂ ਨੂੰ ਗੁੰਮਰਾਹਕਰਨ ਦੀ ਅਤੀ ਮੰਦਭਾਗੀ ਕਾਰਵਾਈ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਜਮਹੂਰੀਅਤ ਦਾ ਚੌਥਾ ਥੰਮ ਸਮਝੇ ਜਾਂਦੇ ਮੀਡੀਏ ਅਤੇ ਅਖਬਾਰਾਂ ਵਿੱਚ ਇੰਨੀ ਗਿਰਾਵਟ ਆ ਜਾਵੇਗੀ, ਸੋਚ ਕੇ ਹਰ ਇਮਾਨਦਾਰ ਅਤੇ ਸੱਚੇ ਇਨਸਾਨ ਦੇ ਮਨ ਅਤੇ ਆਤਮਾ ਨੂੰ ਦੁੱਖ ਪਹੁੰਚਣਾ ਕੁਦਰਤੀ ਹੈ। ਉਹਨਾਂ ਹਿੰਦੋਸਤਾਨ ਦੇ ਅਖਬਾਰਾਂ ਅਤੇ ਮੀਡੀਏ ਨਾਲ ਸੰਬੰਧਿਤ ਸੰਪਾਦਕਾਂ ਅਤੇ ਜਰਨਲਿਸਟਾਂ ਦੀ ਜਥੇਬੰਦੀ ਨੂੰ ਇੱਕ ਸੰਜੀਦਾ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਹੀ ਹਿੰਦੋਸਤਾਨੀ ਸਮਾਜ ਵਿੱਚ ਅੱਛੀਆਂ ਪਿਰਤਾਂ ਪਾਉਣ ਦੀ ਜਿ਼ੰਮੇਵਾਰੀ ਨਿਭਾਉਣੀ ਹੈ। ਇਸ ਲਈ ਜੇਕਰ ਉਹ ਇਸ ਦਿਸ਼ਾ ਵੱਲ ਅੱਗੋ ਲਈ ਸਖਤ ਮਰਿਯਾਦਾਵਾਂ ਅਤੇ ਨਿਯਮ ਬਣਾ ਕੇ ਸੰਪਾਦਕਾਂ ਅਤੇ ਪੱਤਰਕਾਰ ਭਰਾਵਾਂ ਨੂੰ ਨਿਯਮਬੱਧ ਕਰਨ ਵਿੱਚ ਭੂਮਿਕਾ ਨਿਭਾ ਸਕਣ ਤਾਂ ਆਉਣ ਵਾਲੇ ਸਮੇਂ ਨੂੰ ਸਮਾਜ ਅਤੇ ਮਨੁੱਖਤਾ ਪੱਖੀ ਬਣਾਉਣ ਵਿੱਚ ਉਹ ਡੂੰਘਾ ਯੋਗਦਾਨ ਪਾ ਸਕਣਗੇ।