ਫ਼ਤਹਿਗੜ੍ਹ ਸਾਹਿਬ – “ਈਸਾਈਆ ਦੇ ਕੈਥੋਲਿਕ ਵਰਗ ਨਾਲ ਸੰਬੰਧਤ ਪੋਪ ਆਪਣੀਆਂ ਧਾਰਮਿਕ ਜਿੰਮੇਵਾਰੀਆਂ ਨੂੰ ਪੂਰਨ ਕਰਨ ਦੀ ਬਜ਼ਾਇ ਸਿਆਸਤ ਵਿਚ ਜਿਆਦਾ ਦਖਲ ਅੰਦਾਜ਼ੀ ਕਰਨ ਲੱਗ ਪਏ ਸੀ । ਜਿਸ ਕਾਰਨ ਸਮੁੱਚੀ ਦੁਨੀਆਂ ਦੇ ਈਸਾਈ ਕੈਥੋਲਿਕ ਅਤੇ ਪ੍ਰੋਟੇਸਨਟ ਵਿਚ ਵੰਡੇ ਗਏ । ਇਸੇ ਤਰ੍ਹਾਂ ਮੁਸਲਿਮ ਕੌਮ ਦੇ ਧਾਰਮਿਕ ਲੁਬਾਣੇ, ਮੁੱਲਾ ਸਿਆਸੀ ਗਤੀਆਂ ਵਿਚ ਗ੍ਰਸਤ ਹੋ ਜਾਣ ਦੀ ਬਦੌਲਤ ਮੁਸਲਿਮ ਕੌਮ ਵੀ ਸੀਆ ਅਤੇ ਸੁੰਨੀ ਦੋ ਵਰਗਾਂ ਵਿਚ ਵੰਡੀ ਗਈ, ਜਿਸ ਕਾਰਨ ਅੱਜ ਇਰਾਕ ਅਤੇ ਹੋਰ ਮੁਸਲਿਮ ਮੁਲਕਾਂ ਵਿਚ ਸੀਆ ਅਤੇ ਸੁੰਨੀ ਇਕ ਦੂਸਰੇ ਦੇ ਖ਼ੂਨ ਦੇ ਪਿਆਸੇ ਬਣੇ ਹੋਏ ਹਨ ਅਤੇ ਆਪਣੀ ਹੀ ਕੌਮ ਦਾ ਕਤਲੇਆਮ ਕਰ ਰਹੇ ਹਨ । ਇਸੇ ਤਰ੍ਹਾਂ ਹੁਣ ਜਥੇਦਾਰ ਸਾਹਿਬਾਨ ਬਾਦਲਾਂ ਦੀ ਸਿਆਸੀ ਅਤੇ ਸਵਾਰਥੀ ਸੋਚ ਦੇ ਗੁਲਾਮ ਬਣਕੇ ਗੈਰ ਦਲੀਲ, ਗੈਰ ਸਿਧਾਂਤਿਕ ਹੁਕਮਨਾਮੇ ਕਰਕੇ ਤੇ ਮੀਰੀ-ਪੀਰੀ ਦੇ ਤਖ਼ਤ ਦੀ ਦੁਰਵਰਤੋ ਕਰਕੇ ਸਮੁੱਚੀ ਸਿੱਖ ਕੌਮ ਨੂੰ ਵੀ ਦੋ ਗਰੁੱਪਾ ਵਿਚ ਨਾ ਵੰਡਣ ਤਾਂ ਬਹਿਤਰ ਹੋਵੇਗਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 27 ਅਤੇ 28 ਜੁਲਾਈ ਨੂੰ ਹੋਣ ਵਾਲੇ ਵੱਖੋ-ਵੱਖ ਇਕੱਠਾਂ ਨੂੰ ਮਨਸੂਖ ਕਰਨ ਦੇ ਹੁਕਮ ਕਰਨ ਉਪਰੰਤ, ਹਰਿਆਣੇ ਦੇ ਉਹਨਾਂ ਸਿੱਖਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਦੇ ਸੰਬੰਧੀ ਨਵੇ ਸਿਆਸੀ ਹੁਕਮ ਜਾਰੀ ਕਰਨ ਦੇ ਕੀਤੇ ਗਏ ਦੁੱਖਦਾਇਕ ਅਮਲਾਂ ਉਤੇ ਜਿਥੇ ਡੂੰਘਾਂ ਅਫ਼ਸੋਸ ਪ੍ਰਗਟ ਕਰਦੇ ਹੋਏ ਜ਼ਾਹਰ ਕੀਤੇ, ਉਥੇ ਜਥੇਦਾਰ ਵੱਲੋਂ ਕੀਤੇ ਗਏ ਨਵੇ ਹੁਕਮ ਸਿੱਖ ਕੌਮ ਵਿਚ ਭਰਾ-ਮਾਰੂ ਜੰਗ ਨੂੰ ਖ਼ਤਮ ਕਰਵਾਉਣ ਵਾਲੇ ਨਹੀਂ ਬਲਕਿ ਵਧਾਉਣ ਵਾਲੇ ਕਰਾਰ ਦਿੱਤਾ । ਉਹਨਾਂ ਕਿਹਾ ਜੇਕਰ ਜਥੇਦਾਰ ਸਾਹਿਬਾਨ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਕਤੀ ਅਤੇ ਇਸ ਸੰਸਥਾਂ ਦੀ ਅਗਵਾਈ ਵਿਚ ਇਕੱਤਰ ਰੱਖਣਾ ਚਾਹੁੰਦੇ ਹਨ, ਜਿਵੇ ਉਹ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੇ ਅਮਲਾਂ ਨੂੰ ਰੋਕਣ ਦੀ ਕੋਸਿ਼ਸ਼ ਕਰ ਰਹੇ ਹਨ, ਉਸ ਤੋ ਪਹਿਲੇ ਹੁਕਮਨਾਮਾਂ ਕਰਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ, ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ, ਵੈਸਟ ਬੰਗਾਲ, ਮਹਾਂਰਾਸਟਰ, ਜੰਮੂ-ਕਸ਼ਮੀਰ, ਉਤਰਾਂਚਲ, ਯੂਪੀ ਆਦਿ ਸੂਬਿਆ ਵਿਚ ਉਥੋ ਦੇ ਗੁਰੂਘਰਾਂ ਦੇ ਪ੍ਰਬੰਧ ਲਈ ਬਣੀਆਂ ਕਮੇਟੀਆਂ ਜਾਂ ਗੁਰਦੁਆਰਾ ਬੋਰਡਾਂ ਨੂੰ ਭੰਗ ਕਰਕੇ ਐਸ.ਜੀ.ਪੀ.ਸੀ. ਦੇ ਅਧੀਨ ਲਿਆਉਣ ਅਤੇ ਸ੍ਰੀ ਬਾਦਲ ਨੂੰ ਹੁਕਮ ਕਰਕੇ ਆਪਣੀ ਸੈਟਰ ਦੀ ਭਾਈਵਾਲ ਹਕੂਮਤ ਤੋ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦੇ ਆਦੇਸ਼ ਦੇਣ । ਫਿਰ ਸਮੁੱਚੇ ਹਿੰਦ ਦੇ ਗੁਰੂਘਰ ਐਸ.ਜੀ.ਪੀ.ਸੀ. ਦੇ ਅਧੀਨ ਵੀ ਆ ਜਾਣਗੇ ਅਤੇ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਮਜ਼ਬੂਤੀ ਨਾਲ ਇਕੱਠੀ ਹੁੰਦੀ ਹੋਈ ਸਮੁੱਚੇ ਗੁਰੂਘਰਾਂ ਵਿਚ ਇਕੋ ਰਹਿਤ-ਮਰਿਯਾਦਾਂ ਲਾਗੂ ਕਰਨ ਵਿਚ ਵੀ ਖੁਸ਼ੀ ਮਹਿਸੂਸ ਕਰੇਗੀ ਅਤੇ ਕੌਮ ਕੌਮਾਂਤਰੀ ਪੱਧਰ ਉਤੇ “ਇਕ ਸ਼ਕਤੀ” ਬਣਕੇ ਉਭਰ ਸਕੇਗੀ ।
ਉਹਨਾਂ ਕਿਹਾ ਕਿ 2004 ਵਿਚ ਸਿੱਖਾਂ ਦੁਆਰਾ ਚੁਣੀ ਗਏ ਐਸ.ਜੀ.ਪੀ.ਸੀ. ਮੈਂਬਰਾਂ, ਜਿਨ੍ਹਾਂ ਉਤੇ ਅਧਾਰਿਤ ਅੱਜ ਵੀ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਕਮੇਟੀ ਕੰਮ ਕਰਦੀ ਹੈ, ਜਿਸ ਨੂੰ ਸੁਪਰੀਮ ਕੋਰਟ ਵੱਲੋਂ ਕੇਵਲ ਪ੍ਰਬੰਧ ਚਲਾਉਣ ਦੇ ਆਦੇਸ਼ ਦਿੱਤੇ ਹੋਏ ਹਨ, ਉਸ ਨੂੰ ਸਿੱਖ ਕੌਮ ਸੰਬੰਧੀ ਵੱਡੇ ਫੈਸਲੇ ਕਰਨ ਦਾ ਜਦੋ ਕੋਈ ਕਾਨੂੰਨੀ ਤੇ ਇਖ਼ਲਾਕੀ ਅਧਿਕਾਰ ਹੀ ਨਹੀਂ, ਫਿਰ ਜਥੇਦਾਰ ਸਾਹਿਬਾਨ ਸ੍ਰੀ ਬਾਦਲ ਜਾਂ ਸ੍ਰੀ ਮੱਕੜ ਦੇ ਆਦੇਸ਼ਾਂ ਉਤੇ ਐਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋ ਕਰਕੇ ਭਰਾ-ਮਾਰੂ ਜੰਗ ਵੱਲ ਕੌਮ ਨੂੰ ਕਿਉਂ ਧਕੇਲ ਰਹੇ ਹਨ ? ਜਦੋਕਿ 1977 ਦੀ ਐਮਰਜੈਸੀ ਸਮੇ, ਫਿਰ ਧਰਮ ਯੁੱਧ ਮੋਰਚੇ ਸਮੇਂ, ਫਿਰ ਕਪੂਰੀ ਮੋਰਚੇ ਸਮੇਂ ਤੇ ਫਿਰ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਜਦੋ ਸ. ਬਾਦਲ ਇਹਨਾਂ ਮੋਰਚਿਆਂ ਵਿਚ ਅਸਫ਼ਲ ਸਾਬਤ ਹੋ ਚੁੱਕੇ ਹਨ, ਹੁਣ ਮੰਜ਼ੀ ਸਾਹਿਬ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਸਵਾਰਥੀ ਸੋਚ ਦੀ ਪੂਰਤੀ ਲਈ ਇਹਨਾਂ ਸਿਆਸੀ ਆਗੂਆਂ ਨੂੰ ਮੋਰਚੇ ਲਗਾਉਣ ਜਾਂ ਕੌਮੀ ਸੰਸਥਾਵਾਂ ਦੀ ਦੁਰਵਰਤੋ ਕਰਨ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਇਜ਼ਾਜਤ ਕਿਉਂ ਦਿੱਤੀ ਜਾ ਰਹੀ ਹੈ ? ਉਹਨਾਂ ਕਿਹਾ ਕਿ ਜਦੋ ਸਿੱਖ ਕੌਮ ਦਾ ਰਾਧਾ ਸੁਆਮੀ ਸੰਪਰਦਾ ਨਾਲ ਵੱਡਾ ਟਕਰਾਅ ਖੜ੍ਹਾ ਹੋ ਗਿਆ ਸੀ, ਉਸ ਸਮੇਂ ਜਥੇਦਾਰ ਸਾਹਿਬਾਨ ਨੇ ਇਹ ਕਹਿਕੇ ਕਿ ਗੁਰੂਘਰ ਢਾਹੁਣੇ ਜ਼ਾਇਜ ਹਨ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਸੀ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਕੌਮੀ ਸਹਿਜ਼, ਨਿਮਰਤਾ ਅਤੇ ਨਿਰਮਾਣਤਾ ਵਾਲੇ ਮਨੁੱਖਤਾ ਪੱਖੀ ਗੁਣਾਂ ਦੀ ਵਰਤੋ ਕਰਦੇ ਹੋਏ ਸਿੱਖ ਕੌਮ ਅਤੇ ਰਾਧਾ ਸੁਆਮੀ ਸੰਪਰਦਾ ਨਾਲ ਹੋਣ ਵਾਲੇ ਖੂਨੀ ਟਕਰਾਅ ਨੂੰ ਜੜ੍ਹੋ ਹੀ ਨਹੀਂ ਸੀ ਖ਼ਤਮ ਕੀਤਾ, ਬਲਕਿ ਰਾਧਾ ਸੁਆਮੀ ਮੁੱਖੀ ਵੱਲੋ ਕੇਵਲ ਇਕ ਨਹੀਂ 3 ਗੁਰਦੁਆਰਾ ਸਾਹਿਬਾਨ ਤਿਆਰ ਕਰਕੇ ਸੰਗਤਾਂ ਦੇ ਸਪੁਰਦ ਕੀਤੇ ਸਨ । ਜਿਥੇ ਅੱਜ ਸਿੱਖ ਕੌਮ ਆਪਣੇ ਸਭ ਧਾਰਮਿਕ, ਸਮਾਜਿਕ ਸਮਾਗਮ ਕਰ ਰਹੀ ਹੈ । ਜਦੋਕਿ ਜਥੇਦਾਰ ਸਾਹਿਬਾਨ ਉਸ ਸਮੇਂ ਗੈਰ ਦਲੀਲ ਬਿਆਨ ਦੇ ਕੇ ਸਿੱਖ ਕੌਮ ਤੇ ਰਾਧਾ ਸੁਆਮੀਆਂ ਨੂੰ ਆਹਮੋ-ਸਾਹਮਣੇ ਖੜ੍ਹਾ ਕਰਨ ਲੱਗੇ ਹੋਏ ਸਨ ।