ਪੁਣੇ – ਮਹਾਂਰਾਸ਼ਟਰ ਵਿੱਚ ਪੁਣੇ ਸ਼ਹਿਰ ਤੋਂ 73 ਕਿਲੋਮੀਟਰ ਦੂਰ ਤੀਰਥ ਸਥਾਨ ਭੀਮਾ ਸ਼ੰਕਰ ਦੇ ਨਜ਼ਦੀਕ ਮਾਲਿਸ਼ ਪਿੰਡ ਵਿੱਚ ਬੁੱਧਵਾਰ ਸਵੇਰੇ ਹੋਈ ਤੇਜ਼ ਵੱਰਖਾ ਕਾਰਨ ਧਰਤੀ ਦੇ ਖਿਸਕ ਜਾਣ ਕਰਕੇ ਇੱਕ ਪੂਰਾ ਪਿੰਡ ਮਲਬੇ ਥੱਲੇ ਦੱਬਿਆ ਗਿਆ ਹੈ। ਜਿਸ ਨਾਲ 300 ਤੋਂ ਵੱਧ ਲੋਕ ਮਲਬੇ ਵਿੱਚ ਫੱਸੇ ਹੋਏ ਹਨ ਅਤੇ 45 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਾਲਣ ਪਿੰਡ ਸਹਿਯਾਦਰੀ ਪਹਾੜੀ ਖੇਤਰ ਵਿੱਚ ਵੱਸਿਆ ਹੋਇਆ ਸੀ ਅਤੇ ਇਸ ਪਿੰਡ ਵਿੱਚ 40 ਘਰ ਸਨ, ਜਿਨ੍ਹਾਂ ਵਿੱਚ 800 ਦੇ ਕਰੀਬ ਲੋਕ ਰਹਿ ਰਹੇ ਸਨ। ਭਾਰੀ ਵੱਰਖਾ ਕਾਰਣ ਪਾਣੀ ਦੇ ਤੇਜ਼ ਵਹਾਣ ਕਰਕੇ 44 ਪਿੰਡ ਮਲਬੇ ਦੇ ਹੇਠਾਂ ਦੱਬ ਗਏ ਹਨ। ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ ਕਿ ਜਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਇਸ ਅਚਾਨਕ ਆਈ ਤਬਾਹੀ ਨਾਲ ਬਹੁਤ ਸਾਰੇ ਲੋਕ ਦੱਬੇ ਜਾਣ ਕਰਕੇ ਸਾਹ ਘੁੱਟਣ ਨਾਲ ਮਾਰੇ ਗਏ। ਸੁਰੱਖਿਆ ਦਸਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲਗੇ ਹੋਏ ਹਨ।ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਤੱਕ 45 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ 5 ਨਾਬਾਲਿਗ ਬੱਚੇ ਅਤੇ 15 ਔਰਤਾਂ ਵੀ ਸ਼ਾਮਿਲ ਹਨ।ਪਿੰਡ ਵਾਲਿਆਂ ਦਾ ਮੰਨਣਾ ਹੈ ਕਿ 300 ਤੋਂ ਵੱਧ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 200 ਤੋਂ ਵੱਧ ਹੋ ਸਕਦੀ ਹੈ।
ਮਾਲਿਣ ਪਿੰਡ ਦੇ ਆਸ ਪਾਸ ਦੇ ਖੇਤਰ ਵਿੱਚ ਡਾਕਟਰਾਂ ਸਮੇਤ 70 ਐਂਬੂਲੈਂਸ ਘਟਨਾ ਸਥਾਨ ਤੇ ਪਹੁੰਚ ਗਈਆਂ ਹਨ ਤਾਂ ਜੋ ਜਖਮੀਆਂ ਨੂੰ ਲੋੜੀਂਦੀ ਮੱਦਦ ਦਿੱਤੀ ਜਾਵੇ। ਭਾਰੀ ਵੱਰਖਾ ਹੋਣ ਕਰਕੇ ਭਾਂਵੇ ਬਚਾਅ ਦੇ ਕਾਰਜਾਂ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ, ਫਿਰ ਵੀ ਸੁਰੱਖਿਆ ਕਰਮਚਾਰੀ ਯੁੱਧ ਪੱਧਰ ਤੇ ਬਚਾਅ ਕੰਮਾਂ ਵਿੱਚ ਲਗੇ ਹੋਏ ਹਨ।