ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਅਰਦਾਸ ਉਪਰੰਤ ਪੜੇ ਜਾਣ ਵਾਲੇ ਦੋਹਰੇ ਨੂੰ ਤੋੜ ਮਰੋੜ ਕੇ ਇਕ ਫਿਰਕੇ ਨਾਲ ਜੋੜਨ ਅਤੇ ਆਪ ਆਗੂਆਂ ਨਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਜਾਣ ਮੌਕੇ ਨਸ਼ੇ ਵਿਚ ਹੋਣ ਦਾ ਖਦਸਾ ਪੱਤਰਕਾਰਾਂ ਵੱਲੋਂ ਪ੍ਰਗਟਾਉਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਐਤਰਾਜ਼ ਜਤਾਇਆ ਹੈ। ਧਰਮ ਪ੍ਰਚਾਰ ਕਮੇਟੀ ਦੇ ਕੰਨਵੀਨਰ ਗੁਰਮੀਤ ਸਿੰਘ ਬੋਬੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭਗਵੰਤ ਮਾਨ ਦੇ ਖਿਲਾਫ ਕਰੜੀ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਗਵੰਤ ਮਾਨ ਦੀਆਂ ਇਨ੍ਹਾਂ ਆਪ ਹੁਦਰੀਆਂ ਹਰਕਤਾਂ ਕਰਕੇ ਵਲੁੰਦਰੇ ਜਾਣ ਦਾ ਵੀ ਦਾਅਵਾ ਕੀਤਾ ਹੈ।
ਭਗਵੰਤ ਮਾਨ ਨੂੰ ਗੈਰ ਸੰਜੀਦਾ ਇਨਸਾਨ ਦਸਦੇ ਹੋਏ ਬੌਬੀ ਨੇ ਮਾਨ ਨੂੰ ਪੰਥਕ ਰਵਾਇਤਾਂ ਤੇ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ। ਦੋਹਰੇ ਨੂੰ ਤੋੜਨ ਮਰੋੜਨ ਕਰਕੇ ਬੌਬੀ ਨੇ ਮਾਨ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੀ ਕਸੌਟੀ ਤੇ ਖਰਾ ਨਾ ਦੱਸਦੇ ਹੋਏ ਜਨਤਕ ਤੌਰ ਤੇ ਆਪਣੀ ਕਮੇਡਿਅਨ ਦੀ ਛਵੀ ਤੇ ਪੈਹਰਾ ਦੇਣ ਵਾਲਾ ਇੰਨਸਾਨ ਦੱਸਿਆ ਹੈ। ਬੌਬੀ ਨੇ ਭਗਵੰਤ ਮਾਨ ਤੇ ਸੰਸਦ ਦੇ ਅੰਦਰ ਅਤੇ ਬਾਹਰ ਪਤਿਤ ਹੋਣ ਦੇ ਬਾਵਜੂਦ ਸਿੱਖੀ ਵੇਸ਼ ਧਾਰਨ ਕਰਕੇ ਪਤਿਤਪੁਣੇ ਨੂੰ ਹੁੰਗਾਰਾ ਦੇਣ ਦਾ ਦੋਸ਼ੀ ਵੀ ਐਲਾਨਿਆ ਹੈ। ਇਰਾਕ ‘ਚ ਫਸੇ ਪੰਜਾਬੀਆਂ ਦੇ ਮਸਲੇ ਤੇ ਮੀਡੀਆ ਦੀਆਂ ਸੁਰਖਿਆਂ ਬਟੋਰਨ ਵਾਸਤੇ ਗੈਰਸੰਜੀਦਗੀ ਵਰਤਨ ਦਾ ਦੋਸ਼ ਵੀ ਬੌਬੀ ਨੇ ਭਗਵੰਤ ਮਾਨ ਤੇ ਲਗਾਇਆ ਹੈ।ਹਰਿਆਣਾ ਕਮੇਟੀ ਦੇ ਮਸਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਤੇ ਭਗਵੰਤ ਮਾਨ ਵੱਲੋਂ ਸਵਾਲ ਖੜੇ ਕਰਨ ਤੇ ਵੀ ਬੌਬੀ ਨੇ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਬੋਲਣ ਤੋਂ ਗੁਰੇਜ ਕਰਨ ਦੀ ਵੀ ਸਲਾਹ ਦਿੱਤੀ ਹੈ।