ਲੰਬੀ, (ਸ੍ਰੀ ਮੁਕਤਸਰ ਸਾਹਿਬ), (ਪ੍ਰੀਤੀ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਗੁਰਦੁਆਰਿਆਂ ’ਤੇ ਸਰਕਾਰੀ ਮਹੰਤਾਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੀ ਕਾਰਵਾਈ ਦਾ ਫੈਸਲਾ ਢੁਕਵਾਂ ਸਮਾਂ ਆਉਣ ’ਤੇ ਸਿੱਖ ਪੰਥ ਦੀ ਸਲਾਹ ਨਾਲ ਕੀਤਾ ਜਾਵੇਗਾ। ਅੱਜ ¦ਬੀ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਸ. ਬਾਦਲ ਨੇ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਉਨ੍ਹਾਂ ਨੇ ਹਾਲ ਦੀ ਘੜੀ ਆਪਣੇ ਅੰਦੋਲਣ ਨੂੰ ਰੋਕ ਲਿਆ ਹੈ ਅਤੇ ਜੇ ਇਸ ਮਾਮਲੇ ਵਿੱਚ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਖਿਆਲ ਨਾ ਰੱਖਿਆ ਗਿਆ ਤਾਂ ਉਹ ਇਸ ਸਬੰਧੀ ਫੈਸਲਾ ਸਿੱਖ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਸਮਾਂ ਆਉਣ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਸ੍ਰੀ ਅਕਾਲ ਤਖਤ ਦਾ ਹੁਕਮ ਸਭ ਤੋਂ ਉਪੱਰ ਹੈ ਅਤੇ ਇਨ੍ਹਾਂ ਹੁਕਮਾਂ ਦੇ ਅੱਗੇ ਸਿਰ ਝੁਕਾਉਂਦੇ ਹੋਏ ਉਨ੍ਹਾਂ ਨੇ ਅੰਦੋਲਨ ਦਾ ਆਪਣਾ ਫੈਸਲਾ ਵਾਪਿਸ ਲਿਆ ਹੈ। ਸ. ਬਾਦਲ ਨੇ ਕਿਹਾ ਕਿ ਸਿੱਖ ਪੰਥ ਨੇ ਮਹਾਨ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਸੀ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਸੀ ਜੋ ਸਮੁੱਚੇ ਸਿੱਖ ਜਗਤ ਦੀ ਤਰਜਮਾਨੀ ਕਰਦੀ ਹੈ। ਉਨ੍ਹਾਂ ਅਗੇ ਕਿਹਾ ਕਿ ਆਜ਼ਾਦੀ ਤੋਂ ਕਾਂਗਰਸ ਪਾਰਟੀ ਹਮੇਸ਼ਾਂ ਹੀ ਪੰਜਾਬ ’ਤੇ ਸਿਆਸੀ, ਆਰਥਿਕ ਅਤੇ ਧਾਰਮਿਕ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਪਹਿਲਾਂ 1984 ਵਿੱਚ ਹਰਿਮੰਦਰ ਸਾਹਿਬ ’ਤੇ ਫੌਜੀ ਹਮਲਾ ਕਰਵਾਇਆ, ਫਿਰ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਅਤੇ ਹੁਣ ਇਸ ਨੇ ਹਰਿਆਣਾ ਵਿੱਚ ਵੱਖਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਲਈ ਬਿੱਲ ਪਾਸ ਕਰਕੇ ਸਿੱਖ ਪੰਥ ’ਤੇ ਤੀਜਾ ਵੱਡਾ ਹਮਲਾ ਕੀਤਾ ਹੈ ਜੋ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਇਹ ਫੈਸਲਾ ਜਮਹੂਰੀਅਤ ਦਾ ਘਾਣ ਵੀ ਹੈ ਕਿਉਂਕਿ ਉਸ ਨੇ ਜਿਨ੍ਹਾਂ ਵਿਅਕਤੀਆਂ ਦੇ ਹੱਥ ਗੁਰਦੁਆਰਿਆਂ ਦਾ ਕੰਮ ਦਿੱਤਾ ਹੈ, ਉਹ ਲੋਕਾਂ ਵੱਲੋਂ ਨਕਾਰੇ ਹੋਏ ਹਨ। ਪਿਛਲੀਆਂ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਹਰਿਆਣਾ ਦੀਆਂ ਗਿਆਰਾਂ ਦੀਆ ਗਿਆਰਾਂ ਸੀਟਾਂ ’ਤੇ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਸਨ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਹਰਿਆਣਾ ਸਰਕਾਰ ਨੇ ਹੁਣ ਮੋਹਰੇ ਲਾਇਆ ਹੈ ਉਨ੍ਹਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ। ਸ. ਬਾਦਲ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਹੀ ਪੰਜਾਬ ਨੂੰ ਕੰਮਜੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੇ ਕੇਦਂਰ ਵਿੱਚ ਪਿਛਲੇ ਦਸ ਸਾਲ ਦੇ ਸ਼ਾਸਨ ਦੌਰਾਨ ਸੂਬੇ ਦੇ ਕਿਸਾਨਾਂ, ਉਦਯੋਗਪਤੀਆਂ ਅਤੇ ਹੋਰਨਾਂ ਮਿਹਨਤੀ ਵਰਗਾਂ ਨੂੰ ਬੁਰੀ ਤਰ੍ਹਾਂ ਅਣਗੌਲਿਆ ਹੈ ਅਤੇ ਇਸ ਦੀਆਂ ਨੀਤੀਆਂ ਕਾਰਨ ਹੁਣ ਖੇਤੀ ਮੁਨਾਫੇ ਵਾਲਾ ਧੰਦਾ ਨਹੀਂ ਰਿਹਾ ਅਤੇ ਗੁਵਾਂਢੀ ਰਾਜਾਂ ਨੂੰ ਉਦਯੋਗ ਵਿੱਚ ਦਿੱਤੀਆਂ ਰਿਆਇਤਾਂ ਕਾਰਨ ਏਥੋਂ ਕਈ ਉਦਯੋਗ ਦੂਜੇ ਰਾਜਾਂ ਵਿੱਚ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਵਿੱਚ ਐਨ ਡੀ ਏ ਦੀ ਸਰਕਾਰ ਦੇ ਬਣਨ ਨਾਲ ਰਾਜ ਦੇ ਵਿਕਾਸ ਦੀ ਇੱਕ ਨਵੀਂ ਉਮੀਦ ਪੈਦਾ ਹੋਈ ਹੈ। ਸਮੱਸਿਆਵਾਂ ਦੇ ਮੌਕੇ ’ਤੇ ਨਿਪਟਾਰੇ ਲਈ ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਅਹਿਮ ਭੂਮਿਕਾ ਦੀ ਗੱਲ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸੰਗਤ ਦਰਸ਼ਨ ਪ੍ਰੋਗਰਾਮ ਰਾਸ਼ਟਰੀ ਜਮਹੂਰੀਅਤ ਦੀ ਇੱਕ ਸ਼ਾਨਦਾਰ ਮਿਸਾਲ ਹਨ ਜਿਸ ਵਿੱਚ ਲੋਕਾਂ ਦੇ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੇ ਇਸ ਵਿਲੱਖਣ ਕਾਰਜ ਦੀ ਉਦਾਹਰਣ ਹੋਰ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰ੍ਰੋਗਰਾਮਾਂ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ ਜੋ ਨੀਤੀਆਂ ਨੂੰ ਘੜਨ ਅਤੇ ਸਮੱਸਿਆਵਾਂ ਦੇ ਤੇਜੀ ਨਾਲ ਹੱਲ ਲਈ ਸਹਾਈ ਹੁੰਦੀਆਂ ਹਨ।
ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਨਾਲ ਨਿਪਟਣ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਨਾਲ ਨਿਪਟਣ ਲਈ ਜੰਗੀ ਪੱਧਰ ’ਤੇ ਮੁਹਿੰਮ ਆਰੰਭੀ ਹੈ। ਇਸ ਮੁਹੰਮ ਵਿੱਚ ਸਰਕਾਰ ਨੇ ਨਾ ਕੇਵਲ ਨਸ਼ਾ ਛਡਾਉਣ ਸਗੋਂ ਇਸ ਸਮੱਸਿਆ ਵਿੱਚ ਫਸੇ ਲੋਕਾਂ ਦੇ ਮੁੜ ਵਸੇਬੇ ਲਈ ਵੀ ਯੋਜਨਾ ਉਲੀਕੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ ਡੇਢ ਦੋ ਸਾਲ ਵਿੱਚ ਰਾਜ ਵਿੱਚੋਂ ਨਸ਼ੇ ਦੀ ਸਮੱਸਿਆ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ। ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੇ ਸਬੰਧ ਵਿੱਚ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਕੀਤੀ ਗਈ ਕਮੀ ਨੂੰ ਚੰਗਾ ਕਦਮ ਦੱਸਿਆ। ਇਸ ਦੌਰਾਨ ਅੱਜ ਮੁੱਖ ਮੰਤਰੀ ਨੇ ਪਿੰਡ ਪੰਨੀਵਾਲਾ, ਬੋਦੀਵਾਲਾ, ਰੱਤਾ ਖੇੜਾ ਵੱਡਾ ਅਤੇ ਛੋਟਾ, ਆਲਮਵਾਲਾ, ਅਸਪਾਲਾਂ ਆਦਿ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਦਿੱਤੇ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਪੰਜਾਬ ਐਗਰੋ ਦੇ ਚੇਅਰਮੈਨ ਸ. ਦਿਆਲ ਸਿੰਘ ਕੋਲਿਆਂਵਾਲੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ ਅਤੇ ਐਸ.ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਸ੍ਰੀ ਰਾਮਵੀਰ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਮਾਰਕਿਟ ਕਮੇਟੀ ਮਲੋਟ ਦੇ ਚੇਅਰਮੈਨ ਸ: ਬਸੰਤ ਸਿੰਘ ਕੰਗ, ਸ: ਰਣਜੋਧ ਸਿੰਘ ¦ਬੀ, ਸ: ਜੱਸਾ ਕੰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਕੇਸ ਧੀਂਗੜਾ, ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਵੀਰਪਾਲ ਕੌਰ ਤਰਮਾਲਾ ਵੀ ਹਾਜ਼ਰ ਸਨ।