ਫ਼ਤਹਿਗੜ੍ਹ ਸਾਹਿਬ – “ਸ. ਗੁਰਬਖ਼ਸ ਸਿੰਘ ਖ਼ਾਲਸਾ ਜਿਨ੍ਹਾਂ ਨੇ ਪਹਿਲੇ ਵੀ ਜੇ਼ਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਜੱਦੋਂ-ਜ਼ਹਿਦ ਸੁਰੂ ਕੀਤੀ ਸੀ । ਲੇਕਿਨ ਕੁਝ ਕਾਰਨਾਂ ਕਰਕੇ ਸਿਆਸਤਦਾਨਾਂ ਦੇ ਫਰੇਬ-ਧੋਖਿਆਂ ਦੀ ਬਦੌਲਤ ਉਹ ਮਿਸ਼ਨ ਪੂਰਨ ਨਹੀਂ ਸੀ ਹੋ ਸਕਿਆ, ਹੁਣ ਪੰਜਾਬ ਅਤੇ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਸਮੁੱਚੇ ਸਿੱਖਾਂ ਦੀ ਰਿਹਾਈ ਦੇ ਮਿਸ਼ਨ ਨੂੰ ਲੈਕੇ ਜੋ ਗੁਰਦੁਆਰਾ ਅੰਬ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੱਕ “ਕੌਮੀ ਸਿੱਖ ਏਕਤਾ ਪੈਦਲ ਯਾਤਰਾ” 10 ਅਗਸਤ ਨੂੰ ਅਰਦਾਸ ਕਰਕੇ ਸੁਰੂ ਕੀਤੀ ਜਾ ਰਹੀ ਹੈ, ਉਸ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਸ. ਗੁਰਬਖ਼ਸ ਸਿੰਘ ਖ਼ਾਲਸਾ ਵੱਲੋਂ ਕੀਤੇ ਜਾ ਰਹੇ ਉਦਮ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ, ਉਥੇ ਸਮੁੱਚੀਆਂ ਸਿੱਖ ਜਥੇਬੰਦੀਆਂ ਭਾਵੇ ਉਹ ਕਿਸੇ ਵੀ ਖੇਤਰ ਵਿਚ ਸਰਗਰਮ ਹੋਣ ਅਤੇ ਸਮੁੱਚੇ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਉਹ ਆਪੋ-ਆਪਣੇ ਸ਼ਹਿਰਾਂ, ਪਿੰਡਾਂ, ਕਸਬਿਆਂ ਵਿਚੋਂ ਜਦੋ ਇਹ ਪੈਦਲ ਯਾਤਰਾ ਪਹੁੰਚੇ ਤਾਂ ਉਹ ਉਸਦਾ ਸਵਾਗਤ ਵੀ ਕਰਨ ਅਤੇ ਕੌਮੀ ਮਿਸ਼ਨ ਨੂੰ ਹਰ ਪੱਖੋ ਸਹਿਯੋਗ ਵੀ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ ਨੂੰ ਇਸ ਪੈਦਲ ਯਾਤਰਾ ਨੂੰ ਕਾਮਯਾਬ ਕਰਨ ਹਿੱਤ ਜਿਥੇ 10 ਅਗਸਤ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣ ਦੀ ਹਦਾਇਤ ਕੀਤੀ ਜਾਂਦੀ ਹੈ, ਉਥੇ ਇਸ ਪੈਦਲ ਯਾਤਰਾ ਦੇ ਨਾਲ ਜਾਣ ਅਤੇ 15 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਤੇ ਅਰਦਾਸ ਵਿਚ ਸ਼ਾਮਿਲ ਹੋਣ ਦੀ ਵੀ ਹਦਾਇਤ ਕੀਤੀ ਜਾਂਦੀ ਹੈ ।”
ਇਹ ਜਾਣਕਾਰੀ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਗੁਰਬਖ਼ਸ ਸਿੰਘ ਨਾਲ ਪੈਦਲ ਯਾਤਰਾ ਦੀ ਕਾਮਯਾਬੀ ਲਈ ਕੀਤੀ ਗਈ ਮੁਲਾਕਾਤ ਉਪਰੰਤ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਨੋਟ ਵਿਚ ਦਿੱਤੀ । ਸ. ਮਾਨ ਨੇ ਸ. ਗੁਰਬਖ਼ਸ ਸਿੰਘ ਨੂੰ ਅਤੇ ਉਹਨਾ ਦੇ ਸਾਥੀਆਂ ਨੂੰ ਇਸ ਮਿਸਨ ਦੀ ਕਾਮਯਾਬੀ ਲਈ ਜਿਥੇ ਮਾਰਚ ਵਿਚ ਸਮੂਲੀਅਤ ਕਰਨ ਦਾ ਵਿਸ਼ਵਾਸ ਦਿੱਤਾ, ਉਥੇ ਇਸ ਉਦਮ ਨੂੰ ਹੋਰ ਅੱਗੇ ਵਧਾਉਣ ਅਤੇ ਉਦੋ ਤੱਕ ਦ੍ਰਿੜਤਾ ਪੂਰਵਕ ਸੰਘਰਸ਼ ਕਰਨ ਦੀ ਗੁਜ਼ਾਰਿਸ਼ ਕੀਤੀ, ਜਦੋ ਤੱਕ ਜੇਲ੍ਹਾਂ ਵਿਚ ਬੰਦੀ ਸਮੁੱਚੇ ਸਿੱਖ ਬਾਇੱਜ਼ਤ ਰਿਹਾਅ ਨਹੀਂ ਹੋ ਜਾਂਦੇ । ਦੋਵੇ ਆਗੂਆਂ ਨੇ ਕਿਹਾ ਕਿ ਜਦੋਂ ਅਦਾਲਤ ਵੱਲੋਂ ਮੁਸਲਿਮ ਕਤਲੇਆਮ ਕਰਨ ਦੀ ਦੋਸ਼ੀ ਬੀਜੇਪੀ ਜਮਾਤ ਦੀ ਬੀਬੀ ਆਗੂ ਮਾਇਆ ਕੋਡਨਾਨੀ ਨੂੰ 28 ਸਾਲ ਦੀ ਸਜ਼ਾ ਸੁਣਾਈ ਗਈ ਹੈ, ਉਸ ਨੂੰ ਜਮਾਨਤ ਮਿਲ ਸਕਦੀ ਹੈ, ਤਾਂ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਜ਼ਮਾਨਤ ਤੇ ਕਿਉਂ ਨਹੀਂ ਰਿਹਾਅ ਕੀਤਾ ਜਾਂਦਾ ?
ਸ. ਟਿਵਾਣਾ ਨੇ ਕੌਮੀ ਸਿੱਖ ਏਕਤਾ ਪੈਦਲ ਯਾਤਰਾ ਦੇ ਰੂਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 10 ਅਗਸਤ ਨੂੰ ਸਮੁੱਚੀਆਂ ਪੰਥਕ ਧਿਰਾ ਅਤੇ ਸਿੱਖ ਕੌਮ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਅਰਦਾਸ ਕਰਨ ਉਪਰੰਤ ਸ. ਗੁਰਬਖ਼ਸ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਇਸ ਯਾਤਰਾ ਨੂੰ ਤੋਰਨਗੀਆਂ । ਉਪਰੰਤ 10 ਅਗਸਤ ਨੂੰ ਹੀ ਇਹ ਯਾਤਰਾ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇਗੀ ਅਤੇ ਰਾਤ ਨੂੰ ਇਥੇ ਹੀ ਠਹਿਰਾਅ ਹੋਵੇਗਾ । ਅਗਲੇ ਦਿਨ 11 ਅਗਸਤ ਨੂੰ ਫ਼ਤਹਿਗੜ੍ਹ ਸਾਹਿਬ ਤੋ ਚੱਲਕੇ ਇਹ ਮਾਰਚ ਲੁਧਿਆਣਾ ਦੇ ਗੁਰਦੁਆਰਾ ਮੰਜ਼ੀ ਸਾਹਿਬ ਵਿਖੇ ਪਹੁੰਚੇਗਾ ਅਤੇ ਉਥੇ ਹੀ ਰਾਤ ਨੂੰ ਵਿਸ਼ਰਾਮ ਕਰੇਗਾ । 12 ਦੀ ਸਵੇਰ ਨੂੰ ਲੁਧਿਆਣੇ ਤੋ ਚੱਲਕੇ ਜਲੰਧਰ ਤੋ ਅੱਗੇ ਕਰਤਾਰਪੁਰ ਦੇ ਨਜ਼ਦੀਕ ਸੰਤ ਬਾਬਾ ਅਜ਼ੀਤ ਸਿੰਘ ਦੇ ਡੇਰੇ ਅਕਾਲਗੜ੍ਹ ਸਾਹਿਬ ਵਿਖੇ ਪਹੁੰਚੇਗਾ ਅਤੇ ਰਾਤ ਨੂੰ ਇਥੇ ਹੀ ਠਹਿਰਾਅ ਕਰੇਗਾ । 13 ਸਵੇਰ ਨੂੰ ਡੇਰਾ ਅਕਾਲਗੜ੍ਹ ਤੋ ਚੱਲਕੇ ਸੰਭਾਨਪੁਰ ਹੁੰਦਾ ਹੋਇਆ ਇਥੇ ਠਹਿਰਾਅ ਕਰੇਗਾ ਅਤੇ 14 ਨੂੰ ਇਥੋ ਚੱਲਕੇ ਬਿਆਸ, ਰਈਆ ਹੁੰਦੇ ਹੋਏ ਰਈਆ ਪਹੁੰਚੇਗਾ । 15 ਅਗਸਤ ਨੂੰ ਇਥੋ ਚੱਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਕੌਮੀ ਸਿੱਖ ਏਕਤਾ ਪੈਦਲ ਯਾਤਰਾ ਅਰਦਾਸ ਕਰਦੇ ਹੋਏ ਸੰਪੂਰਨ ਹੋਵੇਗੀ । ਇਸ ਯਾਤਰਾ ਦੇ 2 ਹੀ ਕੌਮੀ ਮਿਸ਼ਨ ਹਨ । ਪਹਿਲਾ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਨੂੰ ਜਾਗਰਿਤ ਕਰਦੇ ਹੋਏ ਇਸ ਵੱਡੇ ਮਿਸਨ ਲਈ ਤਿਆਰ ਕਰਨਾ । ਦੂਸਰਾ ਇਸ ਯਾਤਰਾ ਦੌਰਾਨ ਹਰ ਤਰ੍ਹਾਂ ਦੇ ਵਿਚਾਰਧਾਰਕ ਵਖਰੇਵਿਆ ਨੂੰ ਪਾਸੇ ਰੱਖਕੇ ਸਮੁੱਚੀਆਂ ਪੰਥਕ ਧਿਰਾਂ ਅਤੇ ਸਮੁੱਚੀ ਸਿੱਖ ਕੌਮ ਨੂੰ “ਕੌਮੀ ਏਕਤਾ” ਦੇ ਪਲੇਟਫਾਰਮ ਤੇ ਇਕੱਤਰ ਕਰਨਾ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ. ਗੁਰਬਖ਼ਸ ਸਿੰਘ ਖ਼ਾਲਸਾ ਨੇ ਸਮੁੱਚੀ ਕੌਮ ਨੂੰ ਇਸ ਕੌਮੀ ਮਿਸ਼ਨ ਵਿਚ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ।
ਸ. ਮਾਨ ਅਤੇ ਗੁਰਬਖ਼ਸ ਸਿੰਘ ਖ਼ਾਲਸਾ ਨੇ ਕੌਮੀ ਏਕਤਾ ਨੂੰ ਅਮਲੀ ਰੂਪ ਵਿਚ ਸਾਹਮਣੇ ਲਿਆਉਣ ਹਿੱਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਹਰਿਆਣਵੀ ਸਿੱਖਾਂ ਸ. ਜਗਦੀਸ ਸਿੰਘ ਝੀਡਾ, ਸ. ਦੀਦਾਰ ਸਿੰਘ ਨਲਵੀ, ਸ. ਹਰਮਹਿੰਦਰ ਸਿੰਘ ਚੱਠਾ ਅਤੇ ਸ. ਬਲਦੇਵ ਸਿੰਘ ਪ੍ਰਧਾਨ ਬੁੱਢਾ ਜੌਹੜ ਰਾਜਸਥਾਨ ਨੂੰ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਜਾ ਕੇ ਪੰਥ ਵਿਚੋ ਛੇਕਣ ਦੇ ਗੈਰ ਸਿਧਾਂਤਿਕ ਦੁੱਖਦਾਇਕ ਅਮਲ ਕੀਤੇ ਹਨ, ਉਹਨਾਂ ਨੂੰ ਇਕ ਪਲ ਦੀ ਦੇਰੀ ਕੀਤੇ ਬਿਨ੍ਹਾਂ ਪੰਥ ਵਿਚ ਵਾਪਿਸ ਲਿਆ ਜਾਵੇ ਅਤੇ ਹਰਿਆਣੇ ਦੇ ਗੁਰੂਘਰਾਂ ਵਿਚ ਜੋ ਟਾਸਕ ਫੋਰਸ ਦੇ ਰੂਪ ਵਿਚ ਬਾਦਲ ਦਲ ਨੇ ਆਪਣੇ ਬਦਮਾਸ ਤੇ ਗੁੰਡੇ ਭੇਜੇ ਹਨ, ਉਹਨਾਂ ਨੂੰ ਤੁਰੰਤ ਵਾਪਿਸ ਬੁਲਾਕੇ ਸਿੱਖ ਕੌਮ ਦੇ ਉੱਠੇ ਵਿਵਾਦ ਨੂੰ ਖ਼ਤਮ ਕੀਤਾ ਜਾਵੇ । ਅੱਜ ਦੀ ਇਸ ਮੁਲਾਕਾਤ ਦੌਰਾਨ ਸ. ਸਿਮਰਨਜੀਤ ਸਿੰਘ ਮਾਨ ਤੇ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਤੋ ਇਲਾਵਾ ਇਕਬਾਲ ਸਿੰਘ ਟਿਵਾਣਾ, ਸ. ਟਹਿਲ ਸਿੰਘ ਯੂ.ਐਸ.ਏ, ਸ. ਦਰਸ਼ਨ ਸਿੰਘ ਸਰਕਲ ਪ੍ਰਧਾਨ ਸੁਲਤਾਨਪੁਰ ਲੋਧੀ, ਸ. ਧਰਮ ਸਿੰਘ ਕਲੌੜ, ਸ. ਕੁਲਦੀਪ ਸਿੰਘ ਦੁਭਾਲੀ ਯੂਥ ਆਗੂ ਵੀ ਮੀਟਿੰਗ ਵਿਚ ਹਾਜ਼ਰ ਸਨ ।