ਪੇਚਿੰਗ – ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ਵਿੱਚ 6.3 ਦੀ ਗਤੀ ਨਾਲ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਚੀਨ ਦੀ ਇੱਕ ਨਿਊਜ ਏਜੰਸੀ ਅਨੁਸਾਰ ਇਸ ਭੂਚਾਲ ਨੇ ਹੁਣ ਤੱਕ 367 ਲੋਕਾਂ ਦੀ ਜਾਨ ਲੈ ਲਈ ਹੈ। ਚੀਨ ਵਿੱਚ ਆਏ ਇਸ ਜਬਰਦਸਤ ਭੂਚਾਲ ਨਾਲ 2000 ਤੋਂ ਵੱਧ ਲੋਕ ਜਖਮੀ ਹੋਏ ਹਨ ਅਤੇ 180 ਅਜੇ ਵੀ ਲਾਪਤਾ ਹਨ।
ਲੋਂਗਟੂਸ਼ਨ ਟਾਊਨਸਿ਼ੱਪ ਭੂਚਾਲ ਦਾ ਮੁੱਖ ਕੇਂਦਰ ਸੀ ਅਤੇ ਇੱਥੇ ਇਹ ਧਰਤੀ ਵਿੱਚ 12 ਕਿਲੋਮੀਟਰ ਤੱਕ ਡੂੰਘਾ ਗਿਆ ਸੀ। ਪੇਚਿੰਗ ਦੇ ਸਮੇਂ ਅਨੁਸਾਰ ਇਹ ਭੂਚਾਲ ਸ਼ਾਮ ਦੇ ਸਾਢੇ ਚਾਰ ਵਜੇ ਆਇਆ। ਸਥਾਨਕ ਪ੍ਰਸ਼ਾਸਨ ਅਧਿਕਾਰੀਆਂ ਅਨੁਸਾਰ 12,000 ਤੋਂ ਵੱਧ ਘਰ ਇਸ ਭੂਚਾਲ ਵਿੱਚ ਘਿਰੇ ਹੋਏ ਹਨ ਅਤੇ 30,000 ਨੂੰ ਨੁਕਸਾਨ ਪਹੁੰਚਿਆ ਹੈ। ਇਸ ਖੇਤਰ ਵਿੱਚ ਬਿਜਲੀ ਦੀ ਸਪਲਾਈ ਅਤੇ ਦੂਰਸੰਚਾਰ ਸਬੰਧੀ ਸੇਵਾਵਾਂ ਠੱਪ ਹੋ ਗਈਆਂ ਹਨ। ਭੂਚਾਲ ਕਾਰਨ ਸੜਕਾਂ ਟੁੱਟ ਗਈਆਂ ਹਨ, ਜਿਸ ਕਰਕੇ ਬਚਾਅ ਕਾਰਜਾਂ ਵਿੱਚ ਲਗੇ ਸੁਰੱਖਿਆ ਦਸਤਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀਆਂ-ਵੱਡੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ।
ਚੀਨੀ ਸੈਨਾ ਦੇ 2500 ਜਵਾਨ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਲਗੇ ਹੋਏ ਹਨ। ਸਰਕਾਰੀ ਟੀਵੀ ਚੈਨਲ ਅਨੁਸਾਰ ਇਸ ਸੂਬੇ ਵਿੱਚ ਪਿੱਛਲੇ 14 ਸਾਲਾਂ ਵਿੱਚ ਆਏ ਭੂਚਾਲਾਂ ਵਿੱਚੋਂ ਇਹ ਸੱਭ ਤੋਂ ਵੱਧ ਭਿਆਨਕ ਅਤੇ ਪਾਵਰਫੁੱਲ ਭੂਚਾਲ ਹੈ।