ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਵਾਤ ਘਾਟੀ ਵਿਚ ਪੂਰੀ ਤਰ੍ਹਾਂ ਸ਼ਾਂਤੀ ਬਹਾਲ ਹੋਣ ਤਕ ਅਤੇ ਹੋਰ ਅਸ਼ਾਂਤ ਇਲਾਕਿਆਂ ਵਿਚ ਤਾਲਿਬਾਨ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ।
ਸਵਾਤ ਘਾਟੀ ਅਤੇ ਹੋਰ ਗੜਬੜ ਵਾਲੇ ਇਲਾਕਿਆਂ ਵਿਚ ਅਤਵਾਦੀਆਂ ਦੇ ਖਿਲਾਫ ਸੈਨਿਕ ਕਾਰਵਾਈ ਤੇ ਚਰਚਾ ਕਰਦੇ ਹੋਏ ਪ੍ਰਧਾਨਮੰਤਰੀ ਰਜ਼ਾ ਗਿਲਾਨੀ ਨੇ ਕਿਹਾ ਕਿ ਸੈਨਾ ਇਨ੍ਹਾਂ ਥਾਂਵਾਂ ਤੇ ਤਦ ਤਕ ਰਹੇਗੀ ਜਦੋਂ ਤਕ ਲੋਕ ਆਪਣੇ ਘਰਾਂ ਨੂੰ ਸੁਖ ਸ਼ਾਂਤੀ ਨਾਲ ਵਾਪਿਸ ਨਹੀਂ ਚਲੇ ਜਾਂਦੇ ਅਤੇ ਸਵਾਤ ਘਾਟੀ ਵਿਚ ਪੂਰੀ ਤਰ੍ਹਾਂ ਅਮਨ ਚੈਨ ਨਹੀਂ ਹੋ ਜਾਂਦਾ। ਗਿਲਾਨੀ ਨੇ ਕਿਹਾ ਕਿ ਅਤਵਾਦੀਆਂ ਵਿਰੁਧ ਸੰਘਰਸ਼ ਵੱਡੀ ਸਫਲਤਾ ਨਾਲ ਜਾਰੀ ਹੈ। ਇਨ੍ਹਾਂ ਇਲਾਕਿਆਂ ਵਿਚ ਕਨੂੰਨ ਪ੍ਰਣਾਲੀ ਵਿਚ ਵੀ ਸੁਧਾਰ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਦੁਸ਼ਮਣ ਦੁਬਾਰਾ ਸਿਰ ਨਾਂ ਚੁਕ ਸਕਣ। ਤਾਲਿਬਾਨ ਦੇ ਪੈਰ ਉਖੜ ਰਹੇ ਹਨ ਅਤੇ ਲੋਕਾਂ ਨੂੰ ਦਾੜ੍ਹੀ ਰੱਖਣ ਦਾ ਹੁਕਮ ਦੇਣ ਵਾਲੇ ਆਪ ਦਾੜ੍ਹੀ ਕਟਵਾ ਕੇ ਭਜ ਰਹੇ ਹਨ। ਗਿਲਾਨੀ ਨੇ ਕਿਹਾ ਕਿ ਸਰਕਾਰ ਇਸ ਗੱਲ ਤੇ ਸੰਤੁਸ਼ਟ ਹੈ ਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਦੇ ਲੋਕ ਸਰਕਾਰ ਵਲੋਂ ਚੁਕੇ ਗਏ ਕਦਮਾਂ ਦਾ ਸਮਰਥਣ ਕਰਦੇ ਹਨ।