ਅੱਜ ਮਿਤੀ 6-8-14 ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਅੱਜ ਆਪੋ-ਧਾਪੀ ਬਣੇ ਚੌਧਰੀਆਂ ਵੱਲੋਂ ਕੁਝ ਸੰਗਤਾਂ ਨੂੰ ਗੁੰਮਰਾਹ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ਾਂ ‘ਜਿਸ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਸੀ’ ਨੂੰ ਛਿੱਕੇ ਟੰਗਦੇ ਹੋਏ ਗੁਰਦੁਆਰਾ ਸਾਹਿਬਾਨ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਡਿਊਟੀ ‘ਤੇ ਹਾਜ਼ਰ ਮੁਲਾਜਮਾਂ ਨਾਲ ਦੁਰ-ਵਿਵਹਾਰ ਕਰਦਿਆਂ ਧੱਕੇ ਮਾਰ ਕੇ ਬਾਹਰ ਕੱਢਣ ਸਬੰਧੀ ਪਤਾ ਲੱਗਾ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀਆਂ ਟਾਹਰਾਂ ਮਾਰਨ ਵਾਲੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਨੂੰ ਛਿੱਕੇ ਟੰਗਦੇ ਹੋਏ ਕਾਂਗਰਸ ਦੀ ਸ਼ਹਿ ‘ਤੇ ਅੱਜ ਜੋ ਭਰਾ ਮਾਰੂ ਜ਼ੰਗ ਨੂੰ ਸ਼ੁਰੂ ਕੀਤਾ ਹੈ, ਜਿਸ ਨਾਲ ਕਿਸੇ ਹੋਰ ਦਾ ਨਹੀਂ ਬਲਕਿ ਸਿੱਖ, ਸਿੱਖ ਦਾ ਹੀ ਦੁਸ਼ਮਨ ਬਣ ਬੈਠਾ ਹੈ। ਜਿਸ ਨਾਲ ਪੂਰੀ ਦੁਨੀਆਂ ਵਿਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਹਿਰਦੇ ਵਲੂਧਰੇ ਗਏ ਹਨ। ਸਿੰਘ ਸਾਹਿਬ ਜੀ ਨੇ ਬੋਲਦਿਆਂ ਦੋਹਾਂ ਧਿਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਗੱਲ ਨੂੰ ਮੁੱਖ ਰੱਖਦਿਆਂ ਹੀ ਪਹਿਲਾਂ ਦੋਹਾਂ ਧਿਰਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਜਿਨੀ ਦੇਰ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਬੰਧੀ ਕੋਈ ਫੈਸਲਾ ਨਹੀਂ ਦਿੱਤਾ ਜਾਂਦਾ ਓਨੀ ਦੇਰ ਤੱਕ ਕੋਈ ਤਕਰਾਰ ਬਾਜ਼ੀ ਵਾਲੀ ਗੱਲ ਨਾ ਕੀਤੀ ਜਾਵੇ ਅਤੇ ਪ੍ਰਬੰਧ ਜਿਉ ਦਾ ਤਿਉ ਚੱਲਣ ਦਿਤਾ ਜਾਵੇ। ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਦੀ ਸ਼ਹਿ ‘ਤੇ ਇਨ੍ਹਾ ਲੋਕਾਂ ਵੱਲੋਂ ਪਹਿਲਾਂ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਉਪਰ ਇੱਟਾਂ ਰੋੜੇ ਚਲਾਏ ਅਤੇ ਗੁਰਦੁਆਰਾ ਸਾਹਿਬਾਨ ਉਪਰ ਕਬਜ਼ਾ ਕਰਨ ਦੀ ਹਿੰਮਤ ਕੀਤੀ। ਇਸ ਲਈ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਨੂੰ ਨਾਂ ਮੰਨਦਿਆਂ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਇਸ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਥੋੜੀ ਹੈ।
ਅਖ਼ੀਰ ਵਿਚ ਬੋਲਦਿਆਂ ਸਿੰਘ ਸਾਹਿਬ ਜੀ ਨੇ ਕਿਹਾ ਕਿ ਹਰਿਆਣਾ ਸਰਕਾਰ ਇਸ ਸਬੰਧੀ ਸਖ਼ਤ ਕਦਮ ਚੁੱਕੇ ਅਤੇ ਗੁਰਦੁਆਰਾ ਸਾਹਿਬਾਨ ਵਿਖੇ ਧੱਕੇ ਸ਼ਾਹੀ ਨਾਲ ਅੰਦਰ ਦਾਖ਼ਲ ਹੋਏ ਵਿਅਕਤੀਆਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਖੂਨ ਖਰਾਬਾ ਹੁੰਦਾ ਹੈ ਤਾਂ ਉਸ ਵਿਚ ਹਰਿਆਣਾ ਸਰਕਾਰ ਅਤੇ ਆਪੇ ਬਣੀ ਹਰਿਆਣਾ ਕਮੇਟੀ ਜ਼ਿੰਮੇਵਾਰ ਹੋਵੇਗੀ।