ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁੱਡਾ ਦੀ ਕਾਂਗਰਸ ਸਰਕਾਰ ਤੇ ਉਸ ਦੇ ਪਿੱਠੂਆਂ ਵੱਲੋਂ ਹਰਿਆਣਾ ਦੇ ਗੁਰਦੁਆਰੇ ਤੇ ਜਬਰੀ ਕਬਜਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਸ਼ਹਿ ਤੇ ਹੀ ਹਰਿਆਣਾ ਦੇ ਕੈਥਲ ਦੇ ਗੂਲ੍ਹਾ ਚੀਕਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਤੇ ਕਬਜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਹੁੱਡਾ ਤੇ ਉਸ ਦੀ ਕਾਂਗਰਸ ਸਰਕਾਰ ਦਾ ਨਾਮ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵਾਪਰੀ ਇਸ ਘਟਨਾ ਨਾਲ ਹੁੱਡਾ ਤੇ ਉਸ ਦੇ ਹੱਥ ਠੋਕੇ ਝੀਂਡਾ ਤੇ ਉਸ ਦੇ ਲਾਮ-ਲਸ਼ਕਰ ਦੇ ਅਸਲੀ ਚਿਹਰੇ ਨੰਗੇ ਹੋ ਕੇ ਉਨ੍ਹਾਂ ਦਾ ਗਰੂਰ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਝੀਂਡਾ ਐਂਡ ਪਾਰਟੀ ਆਪਸੀ ਗੱਲਬਾਤ ਨਾਲ ਸ਼ਾਂਤੀ ਪੂਰਵਕ ਮਸਲੇ ਹੱਲ ਕਰਨ ਦੇ ਬਿਆਨ ਦਾਗ ਰਹੀ ਹੈ ਤੇ ਦੂਸਰੇ ਪਾਸੇ ਆਪਣੇ ਹੀ ਭਰਾਵਾਂ ਦੀ ਖੂਨ ਦੀ ਹੋਲੀ ਖੇਡਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਮਿਲੀ ਭੁਗਤ ਨਾਲ ਝੀਂਡਾ ਤੇ ਉਸ ਦੇ ਚਮਚਿਆਂ ਨੇ ਜਬਰੀ ਕੈਥਲ ਦੇ ਗੂਲ੍ਹਾ ਚੀਕਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਉਥੇ ਡਿਊਟੀ ਕਰ ਰਹੇ ਮੁਲਾਜਮਾਂ ਦੇ ਹੱਥ ਬੰਨ ਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਅਕਾਊਂਟੈਂਟ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਤਾ। ਦੂਜੇ ਪਾਸੇ ਕੁਰੂਕਸ਼ੇਤਰ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿੱਚ ਵੀ ਬੇਰੀਕੇਡ ਤੋੜ ਕੇ ਜਬਰੀ ਕਬਜਾ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਾਂਗਰਸੀ ਪਿੱਠੂਆਂ ਦਾ ਧਿਆਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਵੱਲ ਨਹੀਂ ਬਲਕਿ ਉਨ੍ਹਾਂ ਦੀਆਂ ਗੋਲਕਾਂ ਹਥਿਆਉਣ ਤੇ ਹੈ ਅਤੇ ਹੁੱਡਾ ਇਹ ਪੈਂਤੜਾ ਸਿਰਫ਼ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਰਕੇ ਵਰਤ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਹੁੱਡਾ ਤੇ ਉਸ ਦੇ ਹੱਥ ਠੋਕਿਆਂ ਦੀਆਂ ਲੂੰਬੜਚਾਲਾਂ ਵਿੱਚ ਨਾ ਆਉਣ ਅਤੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇਣ।