ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ।ਐਸ।ਐਸ ਮੁੱਖੀ ਸ੍ਰੀ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ ਦੱਸਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਇਸ ਨੂੰ ਹਿੰਦੂ ਦੱਸਣਾ ਕਿਸੇ ਵੀ ਸੂਰਤ ਵਿੱਚ ਜਾਇਜ ਨਹੀ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਦਸਵੇ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਕੌਮ ਨੂੰ ਬਾਣੀ ਤੇ ਬਾਣੇ ਦੇ ਰੂਪ ਵਿੱਚ ਪੇਸ਼ ਕੀਤਾ । ਉਹਨਾਂ ਕਿਹਾ ਕਿ ਸ੍ਰੀ ਭਾਗਵਤ ਨੂੰ ਸ਼ਾਇਦ ਪਤਾ ਨਹੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਜਿਸ ਤੋਂ ਇਤਿਹਾਸ ਗਵਾਹ ਹੈ ਸਿੱਖਾਂ ਦੇ ਗੁਰੂ ਨੇ ਹਿੰਦੂ ਧਰਮ ਦੀ ਰੱਖਿਆ ਆਪਣਾ ਬਲੀਦਾਨ ਕਰਕੇ ਕੀਤੀ। ਉਹਨਾਂ ਕਿਹਾ ਕਿ ਜੇਕਰ ਗੁਰੂ ਸਾਹਿਬ ਹਿੰਦੂ ਹੁੰਦੇ ਤਾਂ ਫਿਰ ਕਸ਼ਮੀਰੀ ਬ੍ਰਾਹਮਣਾ ਨੂੰ ਗੁਰੂ ਸਾਹਿਬ ਕੋਲ ਆਪਣੀ ਰੱਖਿਆ ਲਈ ਆਉਣ ਦੀ ਲੋੜ ਨਹੀਂ ਪੈਣੀ ਸੀ ਅਤੇ ਇਤਿਹਾਸ ਨੂੰ ਵੀ ਗੁਰੂ ਸਾਹਿਬ ਨੂੰ ਸਿੱਖ ਗੁਰੂ ਲਿਖਣ ਦੀ ਲੋੜ ਨਹੀ ਪੈਣੀ ਸੀ। ਉਹਨਾਂ ਕਿਹਾ ਕਿ ਹੋਰ ਵੀ ਕਈ ਉਦਾਹਰਣਾਂ ਦਿੱਤੀਆ ਜਾਣ ਤਾਂ ਹਿੰਦੂਆ ਦੀਆਂ ਵਿਆਹ ਸ਼ਾਂਦੀਆ ਵੀ ਹਿੰਦੂ ਮੈਰਿਜ ਐਕਟ ਅਨੁਸਾਰ ਹੁੰਦੇ ਹਨ ਪਰ ਸਿੱਖਾਂ ਨੂੰ ਸੰਵਿਧਾਨਕ ਤੌਰ ਤੇ ਅਨੰਦ ਮੈਰਿਜ ਮਿਲਿਆ ਹੋਇਆ ਹੈ। ਉਹਨਾਂ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਦੇ ਰੀਤੀ ਰਿਵਾਜ ਵੱਖਰੇ ਹਨ ਤੇ ਸਿੱਖ ਧਰਮ ਕਿਸੇ ਵੀ ਸੂਰਤ ਵਿੱਚ ਹਿੰਦੂ ਧਰਮ ਨਾਲ ਮੇਲ ਨਹੀ ਖਾਂਦਾ। ਉਹਨਾਂ ਕਿਹਾ ਕਿ ਸ੍ਰੀ ਭਾਗਵਤ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਿੱਖ ਧਰਮ ਕਦੇ ਵੀ ਹਿੰਦੂ ਧਰਮ ਦਾ ਹਿੱਸਾ ਨਹੀਂ ਰਿਹਾ ਤੇ ਨਾਂ ਹੀ ਹੈ ਸਗੋਂ ਇੱਕ ਵੱਖਰੀ ਤੇ ਅੱਡਰੀ ਕੌਮ ਹੈ, ਇਸ ਲਈ ਸਿੱਖਾਂ ਨੂੰ ਹਿੰਦੂ ਦੱਸ ਕੇ ਭਾਗਵਤ ਨੂੰ ਆਪਣੀ ਹੇਠੀ ਨਹੀ ਕਰਾਉਣੀ ਚਾਹੀਦੀ।