ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਸਰਬਸੰਮਤੀ ਨਾਲ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ “ਭਾਰਤ ਰਤਨ” ਲਈ ਭਾਰਤੀ ਇਤਿਹਾਸ ਦੇ ਹੀਰੇ ਸ਼ਹੀਦੇਆਜ਼ਮ ਭਗਤ ਸਿੰਘ ਅਤੇ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਦੇ ਨਾਂ ਦੀ ਸਿਫਾਰਿਸ਼ ਕਰਨ ਵਾਲਾ ਮਤਾ ਅੱਜ ਹੋਈ ਮੀਟਿੰਗ ‘ਚ ਪਾਸ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਨੂੰ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਮਰਥਨ ਕਰਨ ਤੋਂ ਬਾਅਦ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੇ ਬਿਨਾ ਕਿਸੇ ਵਿਰੋਧ ਦੇ ਪ੍ਰਵਾਣਗੀ ਦੇ ਦਿੱਤੀ। ਦਿੱਲੀ ਕਮੇਟੀ ਵੱਲੋਂ ਇਸ ਮਤੇ ਨੂੰ ਕੇਂਦਰ ਸਰਕਾਰ ਕੋਲ ਅਗਲੀ ਕਾਰਵਾਈ ਵਾਸਤੇ ਭੇਜਣ ਦਾ ਫ਼ੈਸਲਾ ਵੀ ਲਿਆ ਗਿਆ।
ਮਤੇ ਨੂੰ ਪੇਸ਼ ਕਰਨ ਮੌਕੇ ਜੀ.ਕੇ. ਨੇ ਕਿਹਾ ਕਿ ਦੋਹਾਂ ਸਿੱਖ ਸ਼ਖਸੀਅਤਾਂ ਨੇ ਭਾਰਤੀ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲਣ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਵੱਡੇ ਕਾਰਜ ਕੀਤੇ ਹਨ। ਸੰਸਾਰ ਭਰ ‘ਚ ਵਸਦੇ ਲੋਕ ਇਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਤੋਂ ਭਲੀ ਪ੍ਰਕਾਰ ਜਾਣੂੰ ਹਨ ਇਸ ਲਈ ਇਹ ਸ਼ਖਸੀਅਤਾਂ ਕਿਸੇ ਪਹਿਚਾਣ ਦੀਆਂ ਮੋਹਤਾਜ ਨਹੀਂ ਹਨ, ਪਰ ਸਿੱਖਾਂ ਦੀ ਚੁਣੀ ਹੋਈ ਸੰਸਥਾਂ ਦੇ ਆਗੂ ਹੋਣ ਦੇ ਨਾਤੇ ਦਿੱਲੀ ਕਮੇਟੀ ਦਾ ਫ਼ਰਜ਼ ਬਣਦਾ ਹੈ ਕਿ ਸਿੱਖ ਧਰਮ ਅਤੇ ਸਿੱਖ ਪਰਿਵਾਰ ‘ਚ ਜਨਮ ਲੈ ਕੇ ਦੇਸ਼ ਦੀ ਅਜ਼ਾਦੀ, ਏਕਤਾ ਅਤੇ ਅਖੰਡਤਾ ਲਈ ਇਨ੍ਹਾਂ ਸ਼ਖਸੀਅਤਾ ਵੱਲੋਂ ਕੀਤੇ ਗਏ ਕਾਰਜਾਂ ਨੂੰ ਭਾਰਤ ਰਤਨ ਸਨਮਾਨ ਦਿਲਵਾ ਕੇ ਮਾਨਤਾ ਦਿਵਾਈ ਜਾਵੇ।
ਸ਼ਹੀਦੇਆਜ਼ਮ ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ 23 ਸਾਲ ਦੇ ਨੌਜਵਾਨ ਨੇ ਭਾਰਤ ਦੀ ਅਜ਼ਾਦੀ ਲਈ ਜੋ ਕੁਰਬਾਨੀ ਕੀਤੀ ਹੈ, ਅੱਜ ਵੀ ਸਮੁੱਚਾ ਨੌਜਵਾਨ ਜਗਤ ਭਗਤ ਸਿੰਘ ਨੂੰ ਇਕ ਨਿਧੜਕ ਯੋਧਾ ਵਾਂਗ ਯਾਦ ਕਰਦਾ ਹੈ। 4 ਦਹਾਕਿਆਂ ਤੱਕ ਅਕਾਲੀ ਰਾਜਨੀਤੀ ਦੇ ਸਿਰਮੋਰ ਰਹੇ ਮਾਸਟਰ ਤਾਰਾ ਸਿੰਘ ਦੀ ਗੱਲ ਕਰਦੇ ਹੋਏ ਅਜ਼ਾਦੀ ਤੋਂ ਬਾਅਦ ਮਾਸਟਰ ਜੀ ਵੱਲੋਂ 3 ਦੇਸ਼ ਦੇ ਮਤੇ ਨੂੰ ਖਾਰਿਜ ਕਰਨ ਅਤੇ ਸਿੱਖਾਂ ਨੂੰ ਭਾਰਤ ਦੇ ਨਾਲ ਜੁੜੇ ਰਹਿਣ ਦਾ ਸੁਨੇਹਾ ਦੇਣ ਕਰਕੇ ਉਨ੍ਹਾਂ ਵੱਲੋਂ ਅਜ਼ਾਦੀ ਦੀ ਲੜਾਈ ‘ਚ ਪਾਏ ਗਏ ਹਿੱਸੇ ਬਾਰੇ ਵੀ ਜਾਣੂੰ ਕਰਵਾਇਆ। ਮਾਸਟਰ ਜੀ ਨੂੰ ਸੱਚਾ-ਸੁੱਚਾ, ਇਮਾਨਦਾਰ, ਦੇਸ਼ ਭਗਤ ਅਤੇ ਉੱਚੇ ਕਿਰਦਾਰ ਦੇ ਮਾਲਿਕ ਵੱਜੋਂ ਸਿੱਖਾਂ ਵੱਲੋਂ ਅੱਜ ਤਕ ਯਾਦ ਕਰਨ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਗੁਰਦੁਆਰਾ ਸੁਧਾਰ ਲਹਿਰ ‘ਚ ਮਾਸਟਰ ਜੀ ਵੱਲੋਂ ਪਾਏ ਗਏ ਯੋਗਦਾਨ ਬਾਰੇ ਚਰਚਾ ਕਰਦੇ ਹੋਏ ਜੀ.ਕੇ. ਨੇ ਦੱਸਿਆ ਕਿ ਮਾਸਟਰ ਜੀ ਸ਼੍ਰੋਮਣੀ ਕਮੇਟੀ ਨੇ ਜਿੱਥੇ ਜਨਰਲ ਸਕੱਤਰ ਅਤੇ ਪ੍ਰਧਾਨ ਰਹੇ ਸਨ ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਵੀ ਉਨ੍ਹਾਂ ਨੇ ਬਾਖੂਬੀ ਸੇਵਾ ਨਿਭਾਈ ਸੀ।
ਅੰਤ੍ਰਿੰਗ ਬੋਰਡ ਦੀ ਮੀਟਿੰਗ ‘ਚ ਇਸ ਤੋਂ ਇਲਾਵਾ ਵੱਡੇ ਸਮਾਗਮਾ ਦੌਰਾਨ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ ਡਾਕਟਰਾਂ ਦੀ ਟੀਮ ਮੌਜੂਦ ਰਹਿਣ ਦੇ ਮਤੇ ਨੂੰ ਪ੍ਰਵਾਨਗੀ ਦੇਣ ਦੇ ਨਾਲ ਹੀ ਪਾਕਿਸਤਾਨ ਨਾਲ ਲਗਦੇ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਦੇ ਦਰਸ਼ਨਾ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ ਕਰਤਾਰ ਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਲਈ ਕੇਂਦਰ ਸਰਕਾਰ ਪਾਸੋ ਮੰਜ਼ੁਰੀ ਦਿਵਾਉਣ ਦਾ ਵੀ ਅਹਿਦ ਲਿਆ ਗਿਆ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਸਣੇ ਅੰਤ੍ਰਿੰਗ ਬੋਰਡ ਦੇ ਮੈਂਬਰ ਵੀ ਮੌਜੂਦ ਸਨ।