ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ. ਐਸ ਮੁੱਖੀ ਮੋਹਨ ਭਾਗਵਤ ਵੱਲੋਂ ਇੱਕ ਵਾਰੀ ਫਿਰ ਸਿੱਖਾਂ ਨੂੰ ਹਿੰਦੂ ਦੱਸਣ ਵਾਲੀ ਕੀਤੀ ਗਈ ਬਿਆਨਬਾਜੀ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਭਾਰਤ ਦੇਸ਼ ਵੱਖ ਵੱਖ ਧਰਮਾਂ ਤੇ ਭਾਸ਼ਾਵਾਂ ਦਾ ਦੇਸ਼ ਹੈ ਅਤੇ ਇਥੇ ਰਹਿਣ ਵਾਲੇ ਵੱਖ ਵੱਖ ਧਰਮਾਂ ਦੇ ਲੋਕਾਂ ਦੇ ਸੁਮੇਲ ਨਾਲ ਹੀ ਭਾਰਤ ਦਾ ਇੱਕ ਗੁਲਦਸਤਾ ਬਣਾਇਆ ਜਾਂਦਾ ਹੈ ਪਰ ਹਰੇਕ ਭਾਰਤੀ ਹਿੰਦੂ ਨਹੀ ਹੋ ਸਕਦਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਭਾਰਤ ਵਿੱਚ ਕਈ ਧਰਮਾਂ, ਜਾਤਾਂ ਤੇ ਕਬੀਲਿਆਂ ਆਦਿ ਦੇ ਲੋਕ ਵੱਸਦੇ ਹਨ ਜਿਹਨਾਂ ਦੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਅਕੀਦੇ ਹਨ ਅਤੇ ਉਹ ਆਪਣੇ ਆਪਣੇ ਧਰਮਾਂ ਅਨੁਸਾਰ ਆਪਣੇ ਤਿਉਹਾਰ ਅਜਾਦਾਨਾ ਤੌਰ ਤੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਵੀ ਵੱਖ ਵੱਖ ਧਰਮਾਂ,ਜਾਤਾਂ ਤੇ ਕਬੀਲਿਆਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਰ ਕਬੀਲਾ ਜਿਥੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਉਥੇ ਉਸ ਦੇ ਧਾਰਮਿਕ ਅਕੀਦੇ ਵਿੱਚ ਕਿਸੇ ਵੀ ਦੂਸਰੇ ਧਰਮ ਦੇ ਧਰਮਾਤਮਾ ਨੂੰ ਦਖਲ ਅੰਦਾਜੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਭਾਗਵੰਤ ਨੇ ਪਹਿਲਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਸਿੱਖ ਪੰਥ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਮੁੱਚੇ ਦੇਸ਼ ਵਾਸੀਆ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਿਸ ਤਰ੍ਹਾਂ ਕਿਸੇ ਦੂਸਰੇ ਦੇਸ ਦੇ ਲੋਕ ਉਥੋ ਦੇ ਵਸਨੀਕ ਤੇ ਦੇਸ ਦੀ ਰਾਸ਼ਟਰੀਅਤਾ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ ਉਸੇ ਤਰ੍ਹਾਂ ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਬਸ਼ਿੰਦਾ ਹਿੰਦੂ ਹੈ। ਭਾਗਵਤ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ੍ਰ ਸਰਨਾ ਨੇ ਜਵਾਬ ਦਿੰਦਿਆ ਕਿਹਾ ਕਿ ਵੱਖ ਵੱਖ ਦੇਸਾਂ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵੱਸਦੇ ਹਨ ਜਿਹਨਾਂ ਨੂੰ ਰਾਸ਼ਟਰਵਾਦੀ ਤਾਂ ਕਿਹਾ ਜਾ ਸਕਦਾ ਹੈ ਪਰ ਕਿਸੇ ਵੀ ਇੱਕ ਧਰਮ ਦੀ ਲੜੀ ਵਿੱਚ ਨਹੀਂ ਪਰੋਇਆ ਜਾ ਸਕਦਾ।ਉਹਨਾਂ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੱਸਦੇ ਰਾਸ਼ਟਰਵਾਦੀ ਤਾਂ ਹੋ ਸਕਦੇ ਹਨ ਪਰ ਸਾਰੇ ਬਸ਼ਿੰਦੇ ਮੁਸਲਮਾਨ ਨਹੀਂ ਹੋ ਸਕਦੇ ਕਿਉਕਿ ਪਾਕਿਸਤਾਨ ਵਿੱਚ ਹਿੰਦੂ, ਸਿੱਖ ਅਤੇ ਇਸਾਈ ਵੀ ਵੱਸਦੇ ਹਨ ਜਿਹਨਾਂ ਦੇ ਆਪਣੇ ਆਪਣੇ ਵੱਖਰੇ ਵੱਖਰੇ ਅਕੀਦੇ ਹਨ ਅਤੇ ਕਿਸੇ ਦੇ ਧਰਮ ਵਿੱਚ ਵੀ ਕੋਈ ਦੂਸਰਾ ਧਰਮ ਦਖਲਅੰਦਾਜੀ ਨਹੀਂ ਕਰਦਾ। ਉਹਨਾਂ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵੱਸਦੇ ਪਰ ਸਾਰਿਆਂ ਨੂੰ ਹਿੰਦੂ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਭਾਗਵਤ ਦੇ ਬਿਆਨ ਦੇਸ ਦੀ ਏਕਤਾ ਤੇ ਅਖੰਡਤਾਂ ਨੂੰ ਖੰਡਿਤ ਕਰਨ ਵਾਲੇ ਹਨ ਜਿਹਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਉਹਨਾਂ ਕਿਹਾ ਕਿ ਜੇਕਰ ਭਾਗਵਤ ਨੂੰ ਇਹ ਭਰਮ ਹੈ ਕਿ ਦੇਸ਼ ਦੇ ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਤਾਂ ਉਹ ਸਿਰਫ ਭਾਜਪਾ ਵੱਲੋਂ ਪੇਸ਼ ਕੀਤੇ ਗਏ ਲੋਕ ਲੁਭਾਉ ਨਾਅਰਿਆਂ ਅਤੇ ਕਾਂਗਰਸ ਦੀਆਂ ਨਲਾਇਕੀਆਂ ਕਰਕੇ ਵੋਟਾਂ ਪਾਈਆ ਹਨ ਨਾਂ ਕਿ ਹਿੰਦੂ, ਹਿੰਦੀ ਤੇ ਹਿੰਦੂਤਵੀ ਸੋਚ ਨੂੰ ਮੁੱਖ ਰੱਖ ਕੇ ਪਾਈਆਂ ਹਨ। ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂਆਂ ਦਾ ਧਿਆਨ ਭਾਗਵਤ ਦੇ ਬਿਆਨਾਂ ਵੱਲ ਦਿਵਾਉਂਦਿਆ ਕਿਹਾ ਕਿ ਉਹ ਭਾਗਵਤ ਨੂੰ ਨੱਥ ਪਾਉਣ ਤਾਂ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਬਣੀ ਰਹਿ ਸਕੇ।