ਨਵੀ ਦਿੱਲੀ – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸਿੱਖ ਪੰਥ ਵਿੱਚ ਸਿਰੋਪਾ ਕਿਸੇ ਵਿਸ਼ੇਸ਼ ਪੰਥਕ ਪ੍ਰਾਪਤੀ ਕਰਨ ਵਾਲੇ ਵਿਅਕਤੀ ਨੂੰ ਹੀ ਦਿੱਤਾ ਜਾ ਸਕਦਾ ਹੈ ਜਦ ਕਿ ਪਟਿਆਲਾ ਅਤੇ ਤਲਵੰਡੀ ਸਾਬੋ ਦੀ ਜਿਮਨੀ ਚੋਣ ਦੌਰਾਨ ਸਿਰੋਪਾ ਅਤੇ ਗੁਰਬਾਣੀ ਦੀਆ ਤੁਕਾਂ ਨੂੰ ਪੈਰਾਂ ‘ਚੋ ਰੋਲਣ ਤੋ ਵੀ ਗੁਰੇਜ਼ ਨਹੀ ਕੀਤਾ ਜਾ ਰਿਹਾ।
ਵਟਸਅੱਪ ਤੇ ਇੱਕ ਤਸਵੀਰ ਚੱਲ ਰਹੀ ਹੈ ਜਿਸ ਵਿੱਚ ਕੁਝ ਵਿਅਕਤੀ ਗਲਾਂ ਵਿੱਚ ਸਿਰੋਪੇ ਪਾਈ ਇੱਕ ਵਹੀਕਲ ਦੇ ਉਪਰਲੇ ਪਾਸੇ ਬੈਠੇ ਹਨ ਅਤੇ ਸਿਰੋਪੇ ਦੋਹਾਂ ਪਾਸਿਆ ਤੋ ਪੈਰਾਂ ਹੇਠ ਰੁਲ ਰਹੇ ਹਨ।ਇਥੇ ਹੀ ਬੱਸ ਨਹੀ ਜਿਸ ਵਹੀਕਲ ਤੇ ਇਹ ਚੋਣ ਪ੍ਰਚਾਰਕ ਬੈਠੇ ਵਿਖਾਈ ਦੇ ਰਹੇ ਹਨ ਉਸ ਦੇ ਸ਼ੀਸ਼ੇ ਤੇ ਗੁਰਬਾਣੀ ਦੀ ਤੁੱਕ, ” ਲੱਖ ਖੁਸ਼ੀਆਂ ਪਾਤਸ਼ਾਹ ਜੇ ਸਤਿਗੁਰੂ ਨਦਰਿ ਕਰੇ” ਲਿਖੀ ਹੋਈ ਜਿਹੜੀ ਉਹਨਾਂ ਪ੍ਰਚਾਰਕਾਂ ਦੇ ਪੈਰਾਂ ਦੇ ਥੱਲੇ ਹੀ ਆਈ ਹੋਈ ਹੈ ਜਿਸ ਨੂੰ ਲੈ ਕੇ ਪੰਥ ਦਰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਚੋਣ ਪ੍ਰਚਾਰ ਸਮੇਂ ਬੈਠੇ ਇਹਨਾਂ
ਵਿਅਕਤੀਆ ਨੂੰ ਇਹ ਵੀ ਸਮਝ ਨਹੀ ਹੈ ਕਿ ਸਿਰੋਪੇ ਤੇ ਗੁਰਬਾਣੀ ਦਾ ਆਦਰ ਸਤਿਕਾਰ ਕਿਵੇ ਕਰਨਾ ਹੈ? ਉਹਨਾਂ ਕਿਹਾ ਕਿ ਜੇਕਰ ਕੋਈ ਐਕਟਰ ਜਾਂ ਪਹਿਲਵਾਨ ਆਪਣੇ ਸਰੀਰ ਤੇ ਕੋਈ ਗੁਰਬਾਣੀ ਦਾ ਅੱਖਰ ਛਪਵਾ ਲੈਦਾ ਹੈ ਤਾਂ ਉਸ ਦਾ ਤਖਤਾਂ ਦੇ ਜਥੇਦਾਰਾਂ ਵੱਲੋਂ ਕੜਾ ਨੋਟਿਸ ਲੈਣ ਦੀ ਦੌੜ ਲੱਗ ਜਾਂਦੀ ਹੈ ਤੇ ਸ਼੍ਰੋਮਣੀ ਕਮੇਟੀ ਪਰਧਾਨ ਵੀ ਇਸ ਦੌੜ ਵਿੱਚੋ ਪਿੱਛੇ ਨਹੀ ਰਹਿੰਦਾ ਪਰ ਜਦੋਂ ਸਿਰੇਪੇ ਤੇ ਗੁਰਬਾਣੀ ਦਾ ਨਿਰਾਦਰ ਅਕਾਲੀ ਦਲ ਨਾਲ ਸਬੰਧਿਤ ਕੋਈ ਵਿਅਕਤੀ ਕਰਦਾ ਹੈ ਤਾਂ ਫਿਰ ਇਹ ਸਾਰੇ ਸੁਸਰੀ ਵਾਂਗ ਸੌ ਜਾਂਦੇ ਹਨ। ਉਹਨਾਂ ਕਿਹਾ ਕਿ ਜਿਹੜੀ ਵੱਟਸ ਅੱਪ ਤੇ ਫੋਟੋ ਚੱਲ ਰਹੀ ਹੈ ਉਸ ਦੀ ਤੁਰੰਤ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਕਈ ਵਾਰੀ ਆਦੇਸ਼ ਸੰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਸਿਰੋਪੇ ਤੇ ਗੁਰਬਾਣੀ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀ ਕੀਤੀ ਜਾਵੇਗੀ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਨੇ ਚੁੱਪੀ ਸ਼ਾਧੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਇਹੋ ਜਿਹੀ ਹਰਕਤ ਕਰੇ ਤਾਂ ਉਸ ਨੂੰ ਅੱਖੋ ਪਰੋਖੇ ਕਰ ਦਿੱਤਾ ਜਾਂਦਾ ਹੈ, ਜੇਕਰ ਕੋਈ ਹੋਰ ਅਣਜਾਣੇ ਵਿੱਚ ਵੀ ਗਲਤੀ ਕਰੇ ਤਾਂ ਉਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਅਸਮਾਨ ਸਿਰ ਤੇ ਚੁੱਕ ਲੈਦੇ ਹਨ। ਉਹਨਾਂ ਕਿਹਾ ਕਿ ਦੋਹਰੇ ਮਾਪਦੰਡ ਨਹੀ ਆਪਨਾਏ ਜਾਣੇ ਚਾਹੀਦੇ ਸਗੋਂ ਨਿਰਪੱਖਤਾ ਨਾਲ ਪਾਰਦਰਸ਼ੀ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਚੋਣਾਂ ਵਿੱਚ ਫੈਸਲਾ ਹੁਣ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਕਰਨਾ ਹੈ ਕਿ ਗੁਰਬਾਣੀ ਨੂੰ ਟਿੱਚ ਜਾਣਨ ਤੇ ਸਿਰੋਪੇ ਦਾ ਨਿਰਾਦਰ ਕਰਨ ਵਾਲੇ ਕੀ ਉਹਨਾਂ ਦੀਆ ਵੋਟਾਂ ਦੇ ਹੱਕਦਾਰ ਹੋ ਸਕਦੇ ਹਨ? ਉਹਨਾਂ ਕਿਹਾ ਕਿ ਜਿਸ ਬਾਣੀ ਨੂੰ ਧੁਰ ਕੀ ਅਲਾਹੀ ਬਾਣੀ ਹੋਣ ਦਾ ਮਾਣ ਹਾਸਲ ਹੈ ਉਸ ਦਾ ਨਿਰਦਾਰ ਪੰਜਾਬ ਦੇ ਲੋਕ ਤੇ ਵਿਸ਼ੇਸ਼ ਕਰਕੇ ਸਿੱਖ ਕਦਾਚਿਤ ਬਰਦਾਸ਼ਤ ਨਹੀ ਕਰ ਸਕਦੇ। ਉਹਨਾਂ ਜਥੇਦਾਰ ਅਕਾਲ ਤਖਤ ਤੋਂ ਮੰਗ ਕੀਤੀ ਕਿ ਗੁਰਬਾਣੀ ਦਾ ਨਿਰਾਦਰ ਕਰਨ ਵਾਲੇ ਅਕਾਲੀ ਆਗੂ ਭਗਵਾਨ ਦਾਸ ਜੁਨੇਜਾ ਤੇ ਉਸ ਦੇ ਸਾਥੀਆ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ।