ਵਾਸ਼ਿੰਗਟਨ – ਇਰਾਕ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਅਮਰੀਕੀ ਪੱਤਰਕਾਰ ਜੇਮਜ਼ ਫੋਲੇ ਦਾ ‘ਸਿਰ ਕਲਮ’ ਕੀਤੇ ਜਾਣ ਦੀ ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਹੋਰ ਕਈ ਦੇਸ਼ਾਂ ਵੱਲੋਂ ਸਖਤ ਨਿੰਦਿਆ ਕੀਤੀ ਜਾ ਰਹੀ ਹੈ। ਅਮਰੀਕਾ ਨੇ ਫੋਲੇ ਦੀ ਹੱਤਿਆ ਦੀ ਵੀਡੀਓ ਦੀ ਪੁਸ਼ਟੀ ਕਰ ਦਿੱਤੀ ਹੈ। ਕੱਟੜਪੰਥੀ ਗਰੁੱਪ ਆਈਐਸ ਨੇ ਪੱਤਰਕਾਰ ਫੋਲੇ ਦੀ ਇੱਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਰਾਕ ਵਿੱਚ ਆਈਐਸ ਦੇ ਜਿਹਾਦੀਆਂ ਨੇ ਅਮਰੀਕੀ ਸੈਨਾ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਫੋਲੇ ਦੀ ਹੱਤਿਆ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕੋਈ ਵੀ ਧਰਮ ਇਸਲਾਮਿਕ ਸਟੇਟ ਦੀ ਇਸ ਕਾਰਵਾਈ ਦਾ ਸਮਰਥਣ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਜੇਮਜ਼ ਫੋਲੇ ਦੀ ਨਿਰੰਕੁਸ਼ ਹੱਤਿਆ ਅਜਿਹੀ ਘਟਨਾ ਹੈ ਜਿਸ ਨੇ ਪੂਰੀ ਦੁਨੀਆਂ ਦੀ ਅੰਤਰ ਆਤਮਾ ਨੂੰ ਝਿੰਜੋੜ ਦਿੱਤਾ ਹੈ। ਓਬਾਮਾ ਨੇ ਕਿਹਾ ਕਿ ਅਜਿਹੀ ਅਣਮਨੁੱਖੀ ਸੋਚ ਦਾ ਦੁਨੀਆਂ ਵਿੱਚ ਕੋਈ ਸਥਾਨ ਨਹੀਂ ਹੈ। ਇਸ ਕੈਂਸਰ ਨੂੰ ਸਮਾਪਤ ਕਰਨ ਲਈ ਸੱਭ ਨੂੰ ਸਾਥ ਆਉਣਾ ਚਾਹੀਦਾ ਹੈ।
ਪੱਤਰਕਾਰ ਫੋਲੇ ਨੇ ਅਮਰੀਕੀ ਅਖਬਾਰ ਗਲੋਬਲ ਪੋਸਟ ਅਤੇ ਫਰਾਂਸ ਦੀ ਸਮਾਚਾਰ ਏਜੰਸੀ ਏਐਫ਼ਪੀ ਸਮੇਤ ਕਈ ਹੋ ਮੀਡੀਆ ਗਰੁੱਪਾਂ ਲਈ ਮੱਧ-ਪੂਰਬ ਏਸ਼ੀਆ ਦੀ ਕਾਫ਼ੀ ਰਿਪੋਰਟਿੰਗ ਕੀਤੀ ਹੈ। ਗਲੋਬਲ ਪੋਸਟ ਨੇ ਆਪਣੇ ਬਿਆਨ ਵਿੱਚ ਲੋਕਾਂ ਨੂੰ ਜੇਮਜ਼ ਫੋਲੇ ਅਤੇ ਉਸ ਦੇ ਪ੍ਰੀਵਾਰ ਲਈ ਪਰੇ ਕਰਨ ਲਈ ਕਿਹਾ ਹੈ।
ਫੋਲੇ ਨੂੰ 2012 ਵਿੱਚ ਸੀਰੀਆ ਵਿੱਚ ਵੀ ਟੈਰਿਸਟ ਗਰੁੱਪ ਨੇ ਰਿਪੋਰਟਿੰਗ ਦੌਰਾਨ ਅਗਵਾ ਕਰ ਲਿਆ ਸੀ। ਇਸ ਤੋਂ ਪਹਿਲਾਂ 2011 ਵਿੱਚ ਲੀਬੀਆ ਵਿੱਚ ਗਦਾਫੀ ਦੇ ਖਿਲਾਫ਼ ਬਗਾਵਤ ਦੀ ਰਿਪੋਰਟਿੰਗ ਦੌਰਾਨ ਵੀ ਫੋਲੇ ਤੇ ਜਾਨਲੇਵਾ ਹਮਲਾ ਹੋਇਆ ਸੀ ਅਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।