ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਤਖਤ ਸ੍ਰੀ ਸਾਹਿਬ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਬਰਖਾਸਤ ਕੀਤੇ ਗਏ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਪੰਥ ਵਿਰੋਧੀ ਸੋਚ ਦੀ ਬਿੱਲੀ ਪੂਰੀ ਤਰ੍ਹਾਂ ਥੈਲਿਉ ਬਾਹਰ ਆ ਗਈ ਹੈ ਅਤੇ ਆਰ.ਐਸ.ਐਸ ਦੇ ਸਮਾਗਮ ਵਿੱਚ ਭਾਗ ਲੈ ਕੇ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਦੀਆ ਤੰਦਾਂ ਸੰਘ ਮੁੱਖੀ ਮੋਹਨ ਭਾਗਵਤ ਨਾਲ ਪੂਰੀ ਤਰ੍ਹਾਂ ਜੁੜੀਆਂ ਹੋਈਆ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਵੱਲੋ ਫਾਰਗ ਕੀਤੇ ਜਾਣ ਦੇ ਬਾਅਦ ਵੀ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੀਆਂ ਮੀਟਿੰਗਾਂ ਬਤੌਰ ਜਥੇਦਾਰ ਉਸ ਨੂੰ ਸ਼ਾਮਲ ਕੀਤਾ ਜਾਂਦਾ ਹੈ ਉਸ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਵਿਵਾਦਾਂ ਵਿੱਚ ਘਿਰ ਗਏ ਹਨ। ਉਹਨਾਂ ਕਿਹਾ ਕਿ ਜਿਸ ਮੀਟਿੰਗ ਵਿੱਚ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਨੇ ਕਿਹਾ ਸੀ ਕਿ ਦੇਸ਼ ਵਿੱਚ ਵੱਸਦੀਆਂ ਘੱਟ ਗਿਣਤੀਆਂ ਨੂੰ ਹਿੰਦੂ ਧਰਮ ਆਪਣੇ ਵਿੱਚ ਜ਼ਜ਼ਬ ਕਰਨ ਦੀ ਸਮੱਰਥਾ ਰੱਖਦਾ ਹੈ ਉਸ ਮੀਟਿੰਗ ਵਿੱਚ ਗਿਆਨੀ ਇਕਬਾਲ ਸਿੰਘ ਬੈਠਾ ਸੀ ਪਰ ਉਸ ਨੇ ਭਾਗਵਤ ਵੱਲੋਂ ਕੀਤੀ ਗਈ ਗੈਰ ਸੰਜੀਦਾ ਟਿੱਪਣੀ ‘ਤੇ ਆਪਣੀ ਕੋਈ ਪ੍ਰਤੀਕਿਰਿਆ ਜ਼ਾਹਿਰ ਨਹੀ ਕੀਤੀ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਗਿਆਨੀ ਇਕਬਾਲ ਸਿੰਘ ਆਰ.ਐਸ.ਐਸ ਦਾ ਪੱਕਾ ਕਾਰਕੁੰਨ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਤੇ ਮੱਕੜ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਆਰ.ਐਸ.ਐਸ ਦੇ ਇਸ ਕਾਰਕੂੰਨ ਨਾਲ ਹਨ ਜਾਂ ਫਿਰ ਸਿੱਖ ਪੰਥ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਸ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ 1995 ਵਿੱਚ ਹੀ ਪੰਜਾਬੀ ਪਾਰਟੀ ਬਣਾ ਕੇ ਆਰ.ਐਸ.ਐਸ ਦੀ ਝੋਲੀ ਵਿੱਚ ਪਾ ਦਿੱਤਾ ਸੀ ਵੱਲੋ ਤਾਂ ਅਕਾਲੀ ਦਲ ਬਾਦਲ ਨਾਲ ਆਰ.ਐਸ.ਐਸ ਦੇ ਰਾਜਸੀ ਵਿੰਗ ਭਾਜਪਾ ਨਾਲ ਨਹੁੰ ਮਾਸ ਅਤੇ ਪਤਨੀ ਪਤੀ ਵਾਲਾ ਰਿਸ਼ਤਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਿਸ ਉਪਰ ਬਾਦਲ ਦਲ ਦਾ ਕਬਜਾ ਹੈ ਉਸ ਨੂੰ ਵੀ ਇਸ ਵੇਲੇ ਪੂਰੀ ਤਰ੍ਹਾਂ ਭਗਵੇਂ ਰੰਗ ਵਿੱਚ ਰੰਗਿਆ ਜਾ ਰਿਹਾ ਹੈ ਜਿਹੜਾ ਸਿੱਖ ਪੰਥ ਲਈ ਘਾਟੇਵੰਦਾਂ ਸੌਦਾ ਹੋਵੇਗਾ। ਉਹਨਾਂ ਕਿਹਾ ਕਿ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੇ ਗਿਆਨੀ ਇਕਬਾਲ ਸਿੰਘ ਦੀ ਸੰਘ ਦੀ ਮੀਟਿੰਗ ਵਿੱਚ ਸ਼ਮੂਲੀਅਤ ਨੂੰ ਲੈ ਕੇ ਜਿਹੜੀ ਹੁਣ ਤੱਕ ਚੁੱਪ ਸਾਧੀ ਹੋਈ ਹੈ ਉਹ ਅੱਖੀਂ ਵੇਖ ਕੇ ਮੱਖੀ ਖਾਣ ਤੋਂ ਕੁਝ ਵੀ ਘੱਟ ਨਹੀਂ ਹੈ ਅਤੇ ਇਹ ਚੁੱਪ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।