ਸ੍ਰੀ ਅੰਮ੍ਰਿਤਸਰ – ਅੱਜ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਇਸਦੇ ਰਸਮੋ-ਰਿਵਾਜ, ਵਿਆਹ-ਸ਼ਾਦੀਆਂ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ। ਸਿੱਖ ਧਰਮ ਇੱਕ ਨਿਆਰਾ ਧਰਮ ਹੈ, ਪਤਾ ਨਹੀਂ ਮੋਹਨ ਭਾਗਵਤ ਕਿਸ ਗੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੇ ਬਿਆਨ ਦਾਗ ਰਿਹਾ ਹੈ।
ਸਿੰਘ ਸਾਹਿਬ ਜੀ ਨੇ ਤਿੱਖੀ ਸੁਰ ਵਿਚ ਬੋਲਦਿਆਂ ਕਿਹਾ ਕਿ ਸ਼ਾਇਦ ਮੋਹਨ ਭਾਗਵਤ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ ਹੈ। ਸਿੱਖ ਧਰਮ ਤਾਂ ਪ੍ਰਗਟ ਹੀ ‘ਪ੍ਰਮਾਤਮ ਕੀ ਮੌਜ’ ਨਾਲ ਹੋਇਆ ਹੈ ਅਤੇ ਉਸ ਪ੍ਰਮਾਤਮਾ ਨੂੰ ਹੀ ਸਮਰਪਿਤ ਹੈ। ਇਸ ਲਈ ਕਿਸੇ ਨੂੰ ਵੀ ਸਿੱਖ ਧਰਮ ਬਾਰੇ ਬੋਲਣ ਲੱਗਿਆਂ ਪਹਿਲਾਂ ਸੋ ਵਾਰੀ ਸੋਚਣਾ ਚਾਹੀਦਾ ਹੈ ਕਿ ਮੈਂ ਕੀ ਬੋਲਣ ਲੱਗਾ ਹਾਂ। ਮੋਹਨ ਭਾਗਵਤ ਵਰਗੇ ਲੋਕ ਜਿਹੜੇ ਆਏ ਦਿਨ ਘੱਟ ਗਿਣਤੀ ਕੌਮਾਂ ਬਾਰੇ ਜਹਿਰ ਉਗਲਦੇ ਹਨ, ਉਹ ਸਿੱਖ ਕੌਮ ਦਾ ਇਤਿਹਾਸ ਪੜ੍ਹ ਲੈਣ ਕਿ ਅਹਿਮਦਸ਼ਾਹ ਅਬਦਾਲੀ, ਜਕਰੀਆ ਖਾਨ ਅਤੇ ਮੀਰ ਮੰਨੂ ਵਰਗੇ ਸਿੱਖਾਂ ਨੂੰ ਖਤਮ ਕਰਦੇ ਆਪ ਖਤਮ ਹੋ ਗਏ ਪ੍ਰੰਤੂ ਸਿੱਖ ਕੌਮ ਦੂਣੀ-ਚੌਣੀ ਹੋ ਕੇ ਸੰਸਾਰ ਵਿਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰ ਰਹੀ ਹੈ।
ਇਸ ਤੋਂ ਇਲਾਵਾ ਸੰਸਾਰ ਵਿਚ ਹਿਟਲਰ ਵਰਗੇ ਤਾਨਾਸ਼ਾਹ ਅਤੇ ਔਰੰਗਜੇਬ ਵਰਗੇ ਕੱਟੜ ਲੋਕਾਂ ਨੇ ਵੀ ਇੱਕ ਧਰਮ ਕਰਨ ਦਾ ਸੁਪਨਾ ਲਿਆ ਸੀ ਪਰ ਉਹ ਵੀ ਇਸ ਵਿਚ ਸਫ਼ਲ ਨਹੀਂ ਹੋ ਸਕੇ। ਜੇਕਰ ਕੋਈ ਸਿੱਖਾਂ ਨੂੰ ਆਪਣੇ ਵਿਚ ਮਿਲਾਉਣ ਦੇ ਸੁਪਨੇ ਲੈ ਰਿਹਾ ਹੈ ਤਾਂ ਸਮਝੋ ਇਹ ਉਸਦਾ ਬਚਕਾਨਾਂ-ਪਨ ਹੈ। ਇਸ ਲਈ ਇਸ ਤਰ੍ਹਾਂ ਦੇ ਬਿਆਨ ਦਾਗਣੇ ਮੋਹਨ ਭਾਗਵਤ ਵੱਲੋਂ ਬੰਦ ਕਰ ਦਿੱਤੇ ਜਾਣ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਨਹੀਂ ਤਾਂ ਇਸ ਦੇ ਸਿੱਟੇ ਦੇਸ ਹਿਤ ਵਿਚ ਨਹੀਂ ਹੋਣਗੇ।