ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਅਜ਼ਾਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਸਕੂਲੀ ਬੱਚਿਆਂ ਵੱਲੋਂ ਕੌਮੀ ਗੀਤ, ਨ੍ਰਿਤ ਅਤੇ ਨਾਟਕ ਆਦਿਕ ਦੀ ਪੇਸ਼ਕਾਰੀ ਕਰਦੇ ਹੋਏ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ ਭੇਟ ਕੀਤੇ ਗਏ। ਅਜ਼ਾਦੀ ਦੀ ਪਹਿਲੀ ਲੜਾਈ 1857 ਤੋਂ 1947 ਤੱਕ ਦੇ ਸਮੇਂ ਨੂੰ ਵਿਦਿਆਰਥੀਆਂ ਵੱਲੋਂ ਭਾਵਪੁਰਣ ਤਰੀਕੇ ਨਾਲ ਪੇਸ਼ ਕਰਦੇ ਹੋਏ “ਸੰਗਰਾਮ-ਏ-ਅਜ਼ਾਦੀ” ਨਾਮਕ ਝਾਂਕੀ ਰਾਹੀਂ ਦਰਸ਼ਕਾਂ ਦੀ ਖਿਚ ਦਾ ਕੇਂਦਰ ਵਿਦਿਆਰਥੀ ਬਣ ਗਏ। ਸਕੂਲ ਦੇ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਕੇ.ਪੀ. ਅਤੇ ਸਕੂਲ ਦੇ ਮੈਨੇਜਰ ਕੁਲਮੋਹਨ ਸਿੰਘ ਨੇ ਐਨ.ਸੀ.ਸੀ. ਕੈਡਿਟਾਂ ਵੱਲੋਂ ਦਿੱਤੇ ਗਏ ਗੋਰਡ ਆਫ ਆਨਰ ਦੀ ਨਿਗਰਾਨੀ ਕੀਤੀ। ਕੁਲਮੋਹਨ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਉਥੇ ਨਾਲ ਹੀ ਅਜ਼ਾਦੀ ਦੇ ਸੁਨਹਰੇ ਪੰਨਿਆਂ ਨੂੰ ਇਤਿਹਾਸਿਕ ਤੱਥਾਂ ਦੇ ਨਾਲ ਲੋਕਾਂ ਨੂੰ ਜਾਣੂੰ ਵੀ ਕਰਵਾਇਆ।
ਵਿਸ਼ੇਸ਼ ਤੌਰ ਤੇ ਸਿੱਖਾਂ ਦੀ ਕੁਰਬਾਨੀਆਂ ਦਾ ਜ਼ਿਕਰ ਕਰਦੇ ਹੋਏ ਕੁਲਮੋਹਨ ਸਿੰਘ ਨੇ ਬੱਚਿਆਂ ਨੂੰ ਸਿੱਖ ਕੌਮ ਦੇ ਵਾਰਿਸ ਹੋਣ ਤੇ ਮਾਣ ਕਰਣ ਦਾ ਸੱਦਾ ਵੀ ਦਿੱਤਾ। ਸਿੱਖ ਕੌਮ ਦੇ ਅਜ਼ਾਦੀ ਘੁਲਾਟੀੲਾਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈਣ ਦੀ ਵੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਣਤੀ ਕੀਤੀ। ਕੌਮੀ ਪਿਆਰ ‘ਚ ਭੀਜੀ ਬੱਚਿਆਂ ਦੀ ਪੇਸ਼ਕਾਰੀ ਦੀ ਸਮੂਹ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਬੀਬੀ ਦਵਿੰਦਰਜੀਤ ਕੌਰ ਢੀਂਗਰਾ ਨੇ ਬੱਚਿਆਂ ਨੂੰ ਭਵਿੱਖ ਨਿਰਮਾਤਾ ਦੱਸਦੇ ਹੋਏ ਦੇਸ਼ ਭਗਤੀ ਦੇ ਅਜਿਹੇ ਪ੍ਰੋਗਰਾਮਾਂ ‘ਚ ਹਿੱਸਾ ਲੈਣ ਲਈ ਅੱਗੇ ਆਉਣ ਦੀ ਵੀ ਪ੍ਰੇਰਣਾ ਕੀਤੀ। ਪ੍ਰੋਗਰਾਮ ਦੀ ਸਮਾਪਤੀ ਮੌਕੇ ਤਿਰੰਗੇ ਦੇ ਰੰਗਾਂ ਦੇ ਪ੍ਰਤੀਕ ਗੁਬਾਰੇ ਹਵਾ ਵਿਚ ਛੱਡ ਕੇ ਬੱਚਿਆਂ ਵੱਲੋਂ ਖੁੂਸ਼ੀ ਦਾ ਪ੍ਰਗਟਾਵਾਂ ਕੀਤਾ ਗਿਆ।