ਪਟਨਾ – ਬਿਹਾਰ ਦੀ ਜਨਤਾ ਨੇ ਲਾਲੂ ਪ੍ਰਸਾਦ ਯਾਦਵ ਅਤੇ ਨਤੀਸ਼ ਕੁਮਾਰ ਦੀ ਜੋੜੀ ਨੂੰ ਤਹਿ ਦਿਲੋਂ ਸਵੀਕਾਰ ਕਰਦੇ ਹੋਏ ਬੀਜੇਪੀ ਨੂੰ ਕਰਾਰਾ ਝੱਟਕਾ ਦਿੱਤਾ ਹੈ। ਹਾਲ ਹੀ ਵਿੱਚ ਬਿਹਾਰ ਵਿਧਾਨਸਭਾ ਦੀਆਂ ਹੋਈਆਂ ੳਪ ਚੋਣਾਂ ਦੀਆਂ 10 ਸੀਟਾਂ ਵਿੱਚੋਂ 6 ਸੀਟਾਂ ਆਰਜੇਡੀ-ਜੇਡੀਯੂ-ਕਾਂਗਰਸ ਗਠਬੰਧਨ ਨੂੰ ਗਈਆਂ ਹਨ ਅਤੇ ਬੀਜੇਪੀ ਦੇ ਖਾਤੇ ਵਿੱਚ ਸਿਰਫ਼ 4 ਸੀਟਾਂ ਹੀ ਗਈਆਂ ਹਨ।
ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਛੱਪਰਾ, ਰਾਜਨਗਰ ਅਤੇ ਮੋਹਿਊਦੀਨਨਗਰ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਭਾਗਲਪੁਰ ਕਾਂਗਰਸ ਦੇ ਖਾਤੇ ਵਿੱਚ ਗਈ ਹੈ। ਜਾਲੇ ਅਤੇ ਪਰਬੱਤਾ ਤੋਂ ਜਦਯੂ ਨੂੰ ਸਫਲਤਾ ਮਿਲੀ ਹੈ। ਜਦਯੂ ਅਤੇ ਰਾਜਦ ਨੇ ਚਾਰ-ਚਾਰ ਸੀਟਾਂ ਤੇ ਅਤੇ ਕਾਂਗਰਸ ਨੇ ਦੋ ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਸਨ। ਬੀਜੇਪੀ ਨੇ 9 ਸੀਟਾਂ ਤੇ ਚੋਣ ਲੜੀ ਸੀ। ਇੱਕ ਸੀਟ ਤੇ ਐਲਜੇਪੀ ਦਾ ਉਮੀਦਵਾਰ ਮੈਦਾਨ ਵਿੱਚ ਸੀ।
ਪੰਜਾਬ ਦੀਆਂ ਦੋ ਸੀਟਾਂ ਵਿੱਚੋਂ ਕਾਂਗਰਸ ਅਤੇ ਬਾਦਲ ਦਲ ਨੂੰ ਇੱਕ-ਇੱਕ ਸੀਟ ਮਿਲੀ ਹੈ। ਕਰਨਾਟਕ ਵਿੱਚ ਵੀ ਦੋ ਸੀਟਾਂ ਤੇ ਕਾਂਗਰਸ ਨੂੰ ਜਿੱਤ ਮਿਲੀ ਹੈ ਅਤੇ ਇੱਕ ਸੀਟ ਭਾਜਪਾ ਨੂੰ ਮਿਲੀ ਹੈ।
ਰਾਜਦ ਮੁੱਖੀ ਲਾਲੂ ਪ੍ਰਸਾਦ ਨੇ ਕਿਹਾ ਕਿ ਸਾਡੇ ਗਠਬੰਧਨ ਤੇ ਜਨਤਾ ਨੇ ਆਪਣੀ ਮੁਹਰ ਲਗਾ ਦਿੱਤੀ ਹੈ। ਜੇਡੀਯੂ ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਨੇ ਕਿਹਾ ਹੈ ਕਿ ਹੁਣ ਪੂਰੇ ਦੇਸ਼ ਵਿੱਚ ਇਸ ਪ੍ਰਯੋਗ ਨੂੰ ਅੱਗੇ ਵਧਾਇਆ ਜਾਵੇਗਾ ਅਤੇ ਬਿਹਾਰ ਤੋਂ ਸਾਰੇ ਦੇਸ਼ ਨੂੰ ਰਾਹ ਮਿਲੇਗੀ।