ਲੁਧਿਆਣਾ, (ਮੰਝਪੁਰ) – 25 ਅਗਸਤ 2009 ਨੂੰ ਸਵੇਰੇ 3 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੋਏ ਗੋਲੀ ਕਾਂਡ ਦੇ ਕੇਸ ਵਿਚ ਭਾਈ ਬਲਬੀਰ ਸਿੰਘ ਬੀਰਾ ਉਰਫ ਭੂਤਨਾ ਤੇ ਉਸਦੀ ਪਤਨੀ ਸੁਖਜਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਥਾਣਾ ਜੀ.ਆਰ.ਪੀ ਵਿਚ ਮੁਕੱਦਮਾ ਨੰਬਰ 123 ਮਿਤੀ 25 ਅਗਸਤ 2009, ਅਧੀਨ ਧਾਰਾ 302, 307 ਆਈ.ਪੀ.ਸੀ, 25, 27 ਅਸਲਾ ਐਕਟ, 15, 16 ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਦਰਜ਼ ਹੋਇਆ ਸੀ।ਪੁਲਿਸ ਚਲਾਨ ਮੁਤਾਬਕ ਇਸ ਗੋਲੀ ਕਾਂਡ ਵਿਚ ਇਕ ਪਰਵਾਸੀ ਦੀ ਮੌਤ ਹੋ ਗਈ ਸੀ ਤੇ ਦੋ ਪੁਲਿਸ ਵਾਲੇ ਜਖਮੀ ਹੋ ਗਏ ਸਨ।
ਅੱਜ ਕਰੀਬ 5 ਸਾਲ ਬਾਅਦ ਸ੍ਰੀ ਸਰਬਜੀਤ ਸਿੰਘ ਧਾਲੀਵਾਲ, ਐਡੀਸ਼ਨਲ ਸੈਸ਼ਨ ਜੱਜ, ਲੁਧਿਆਣਾ ਦੀ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਬੀਬੀ ਸੁਖਜਿੰਦਰ ਕੌਰ ਨੂੰ ਬਾਇੱਜ਼ਤ ਬਰੀ ਕੀਤਾ ਅਤੇ ਭਾਈ ਬਲਬੀਰ ਸਿੰਘ ਬੀਰਾ ਨੂੰ ਗੈਰ ਕਾਨੂੰਨੀ ਗਤੀ ਵਿਧੀਆਂ (ਰੋਕੂ) ਐਕਟ 1967 ਵਿਚੋਂ ਬਰੀ ਕਰਦਿਆਂ 302 (ਕਤਲ) ਵਿਚ ਉਮਰ ਕੈਦ ਤੇ 20000 ਰੁਪਏ ਜੁਰਮਾਨਾ ਤੇ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਇਕ ਸਾਲ ਵਾਧੂ ਸਜ਼ਾ, 307 (ਇਰਾਦਾ ਕਤਲ) ਵਿਚ 10 ਸਾਲ ਕੈਦ ਤੇ 10000 ਰੁਪਏ ਜੁਰਮਾਨਾ ਤੇ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਇਕ ਸਾਲ ਵਾਧੂ ਸਜ਼ਾ, ਅਸਲਾ ਐਕਟ ਵਿਚ 3 ਸਾਲ ਕੈਦ ਤੇ 5000 ਰੁਪਏ ਜੁਰਮਾਨਾ ਤੇ ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਤਿੰਨ ਮਹੀਨਿਆਂ ਦੀ ਵਾਧੂ ਸਜ਼ਾ ਕੀਤੀ। ਇਸ ਕੇਸ ਵਿਚ ਸਫਾਈ ਧਿਰ ਵਜੋਂ ਐਡਵੋਕੇਟ ਗੁਰਮੀਤ ਸਿੰਘ ਰੱਤੂ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
ਇਸ ਮੌਕੇ ਕੇਸ ਸਬੰਧੀ ਜਾਣਕਾਰੀ ਦਿੰਦਿਆ ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਬੀਬੀ ਸੁਖਜਿੰਦਰ ਕੌਰ ਨੂੰ ਅਦਾਲਤ ਵਲੋਂ ਪੰਜ ਸਾਲ ਬਰੀ ਕਰਨਾ ਸਵਾਗਤ ਯੋਗ ਹੈ ਪਰ ਪੰਜ ਸਾਲ ਲੰਬੀ ਹਵਾਲਾਤ ਦੀ ਜਿੰਮੇਵਾਰੀ ਕਿਸਦੇ ਸਿਰ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2009 ਵਿਚ ਅਕਾਲੀ ਦਲ ਪੰਚ ਪਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰਨਾਂ ਪ੍ਰਮੁੱਖ ਅਹੁਦੇਦਾਰਾਂ ਖਿਲਾਫ ਇਕ ਖਾਸ ਸਾਜ਼ਿਸ਼ ਤਹਿਤ ਮੁਕੱਦਮੇ ਦਰਜ਼ ਕੀਤੇ ਗਏ ਸਨ ਤਾਂ ਜੋ ਪੰਚ ਪਰਧਾਨੀ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਲਾਂਭੇ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਭਾਈ ਬਲਬੀਰ ਸਿੰਘ ਬੀਰਾ ਵੀ ਸ਼੍ਰੋਮਣੀ ਕਮੇਟੀ ਹਲਕਾ ਮਮਦੋਟ ਤੋਂ ਪੰਚ ਪਰਧਾਨੀ ਦਾ ਉਮੀਦਵਾਰ ਸੀ ਤੇ ਇਸਨੂੰ ਅਗਸਤ ਦੇ ਪਹਿਲੇ ਹਫਤੇ ਹੀ ਇਸ ਦੇ ਘਰੋਂ ਪਿੰਡ ਮੌਲਵੀਵਾਲਾ, ਜਿਲ੍ਹਾ ਫਿਰੋਜ਼ਪੁਰ ਤੋਂ ਮਾਨਸਾ ਪੁਲਿਸ ਨੇ ਪਤਨੀ ਸਮੇਤ ਚੁੱਕ ਲਿਆ ਸੀ ਤੇ ਕਈ ਦਿਨਾਂ ਦੇ ਤਸ਼ੱਦਦ ਤੋਂ ਬਾਅਦ ਇਸ ਮੁਕੱਦਮੇ ਸਮੇਤ 9 ਕੇਸ ਦਰਜ਼ ਕਰ ਦਿੱਤੇ ਗਏ ਸਨ ਜਿਹਨਾਂ ਵਿਚੋਂ 8 ਮੁਕੱਦਮੇ ਜੋ ਕਿ ਕਤਲ, ਇਰਾਦਾ ਕਤਲ, ਅਸਲਾ ਐਕਟ, ਬਾਰੂਦ ਐਕਟ, ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਧੀਨ ਸਨ, ਸਾਰੇ ਹੀ ਬਰੀ ਹੋ ਚੁੱਕੇ ਸਨ। ਉਹਨਾਂ ਕਿਹਾ ਕਿ ਸਿੱਧੇ ਤੌਰ ਤੇ, ਕਾਨੂੰਨੀ ਤੌਰ ਤੇ ਅਤੇ ਤਕਨੀਕੀ ਤੌਰ ਤੇ ਪੁਲਿਸ ਵਲੋਂ ਪਾਏ ਇਸ ਕੇਸ ਵਿਚ ਅਨੇਕਾਂ ਖਾਮੀਆਂ ਹਨ ਜਿਨਾਂ ਦਾ ਲਾਭ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਪੀਲ ਦੌਰਾਨ ਜਰੂਰ ਮਿਲਣ ਦੀ ਆਸ ਹੈ। ਉਹਨਾਂ ਦੱਸਿਆ ਕਿ ਬੀਬੀ ਸੁਖਜਿੰਦਰ ਕੌਰ ਅੱਜ ਜਿਲ੍ਹਾ ਜੇਲ੍ਹ, ਭਵਾਨੀਗੜ ਰੋਡ, ਨਾਭਾ ਤੋਂ ਅੱਜ ਰਿਹਾਅ ਹੋ ਜਾਵੇਗੀ ਤੇ ਭਾਈ ਬਲ਼ਬੀਰ ਸਿੰਘ ਬੀਰਾ ਜੋ ਕਿ ਮੈਕਸੀਮਮ ਸਕਿਓਰਟੀ ਜੇਲ਼੍ਹ ਨਾਭਾ ਵਿਚ ਨਜ਼ਰਬੰਦ ਹੈ, ਦੀ ਅਪੀਲ ਆਉਂਦੇ ਦਿਨਾਂ ਵਿਚ ਹਾਈ ਕੋਰਟ ਵਿਚ ਦਾਖਲ ਕੀਤੀ ਜਾਵੇਗੀ।