ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਬਹੁਤ ਜਿਆਦਾ ਸਖਤ ਸੁਰੱਖਿਆ ਹੇਠ ਬੀਤੇ ਦਿਨ ਦਿੱਲੀ ਪੁਲਿਸ ਵਲੋਂ ਭਾਈ ਦਇਆ ਸਿੰਘ ਲਾਹੌਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ. 77/2007 ਧਾਰਾ 25(1)), 120 ਬੀ ਅਤੇ 121 ਏ ਅਧੀਨ ਮਾਨਨੀਯ ਜੱਜ ਰੀਤੇਸ਼ ਕੁਮਾਰ ਦੀ ਅਦਾਲਤ ਵਿਚ ਸਮੇਂ ਤੋਂ 1 ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ਇਨ੍ਹਾਂ ਦੇ ਨਾਲ ਭਾਈ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨਿਜੀ ਤੌਰ ਤੇ ਪੇਸ਼ ਹੋਏ ਸਨ। ਇਸ ਵਾਰੀ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀਂ ਕੀਤਾ ਗਿਆ ਜਿਸ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀਂ ਹੋ ਸਕੀ । ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅੱਜ ਕੋਈ ਵੀ ਗਵਾਹ ਪੇਸ਼ ਨਹੀਂ ਹੋਇਆ ਸੀ ।
ਪੇਸ਼ੀ ਉਪਰੰਤ ਭਾਈ ਬਲਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਿੰਦੁਸਤਾਨ ਦੇ ਕਾਨੂੰਨ ਤੋਂ ਇਨਸਾਫ ਮਿਲਣ ਦੀ ਉਮੀਦ ਤੋਂ ਨਿਰਾਸ਼ ਹੋ ਗਏ ਹਨ । ਅੱਜ 10 ਸਾਲ ਤੋਂ ਵੀ ਵੱਧ ਹੋ ਗਏ ਵੱਖ ਵੱਖ ਜੇਲ੍ਹਾਂ ਵਿਚ ਜਿੰਦਗੀ ਗੁਜਾਰਦਿਆਂ ਅਤੇ ਕੋਰਟਾਂ ਵਿਚ ਧੱਕੇ ਖਾਂਦਿਆਂ ਹੋਇਆ ਤੇ ਮਾਮਲਾ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਹੈ, ਅਦਾਲਤਾਂ ਵਲੋਂ ਵੱਡੇ ਵੱਡੇ ਮੁਜਰਿਮਾਂ ਨੂੰ ਪੈਰੋਲ ਅਤੇ ਜਮਾਨਤਾਂ ਦੇ ਦਿਤੀਆਂ ਜਾਂਦੀਆਂ ਹਨ ਪਰ ਸਿੱਖ ਕੌਮ ਦੀ ਆਜਾਦੀ ਲਈ ਲੜ ਰਹੇ ਸਿੰਘਾਂ ਨਾਲ ਬਹੁਤ ਹੀ ਵਿਤਕਰਾ ਕੀਤਾ ਜਾਦਾਂ ਹੈ । ਇਸ ਕਰਕੇ ਉਨ੍ਹਾਂ ਨੇ ਅੱਜ ਅਦਾਲਤ ਅੰਦਰ ਕੱਟੀ ਕੱਟਾਈ ਲੈਣ ਲਈ ਅਪੀਲ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਹੁਣ 9 ਸੰਤਬਰ ਨੂੰ ਹੋਵੇਗੀ ਤੇ ਚੱਲ ਰਹੇ ਮੌਜੂਦਾ ਕੇਸ ਦੀ ਸੁਣਵਾਈ 28 ਸਤੰਬਰ ਨੂੰ ਹੋਵੇਗੀ । ਭਾਈ ਭਾਉ ਨੇ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਐਤਵਾਰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਹੈ ਸਮੂਹ ਆਗੂਆਂ ਅਤੇ ਸ਼ਹੀਦਾਂ ਦੀਆਂ ਰੂਹਾਂ ਨਾਲ ਪਿਆਰ ਕਰਨ ਵਾਲੇ ਇਸ ਵਿਚ ਹੁਮ ਹੁਮਾ ਕੇ ਪਹੁੰਚ ਕੇ ਭਾਈ ਦਿਲਾਵਰ ਸਿੰਘ ਨੂੰ ਅਪਣੀ ਸ਼ਰਧਾ ਦੇ ਫੁਲ ਭੇਟ ਕਰਨ । ਅੰਤ ਵਿਚ ਉਨ੍ਹਾਂ ਕਿਹਾ ਕਿ ਮੌਜੂਦਾ ਪੰਥਕ ਸਰਕਾਰ ਇਹ ਭੁਲ ਗਈ ਹੈ ਕਿ ਇਸੇ ਮਹਾਨ ਸ਼ਹੀਦ ਦੀ ਬਦੌਲਤ ਹੀ ਉਹ ਅਜ ਸੱਤਾ ਦਾ ਸੁੱਖ ਮਾਣ ਰਹੀ ਹੈ ਉਸ ਨੂੰ ਅਤੇ ਉਸਦੀ ਭਾਈਵਾਲ ਦਿੱਲੀ ਕਮੇਟੀ ਨੂੰ ਵੀ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾ ਕੇ ਅਪਣਾ ਫਰਜ ਪੂਰਾ ਕਰਨਾ ਚਾਹੀਦਾ ਹੈ ।